
ਕਪੂਰਥਲਾ, 6 ਫਰਵਰੀ : ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਅੱਜ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਅੱਜ ਸਵੇਰੇ ਚੰਡੀਗੜ੍ਹ ਤੋਂ ਆਈ ਆਮਦਨ ਕਰ ਵਿਭਾਗ ਦੀ ਟੀਮ ਨੇ ਵਿਧਾਇਕ ਦੇ ਸਰਕੂਲਰ ਰੋਡ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ।
ਛਾਪਾ ਮਾਰਨ ਵਾਲੀ ਇਹ ਟੀਮ ਚਾਰ ਤੋਂ ਪੰਜ ਗੱਡੀਆਂ ਵਿੱਚ ਆਈ ਅਤੇ ਉਨ੍ਹਾਂ ਦੇ ਨਾਲ ਭਾਰਤ-ਤਿੱਬਤ ਸਰਹੱਦੀ ਪੁਲਿਸ (ITBP) ਦੇ ਜਵਾਨ ਵੀ ਮੌਜੂਦ ਸਨ। ਛਾਪੇਮਾਰੀ ਦੌਰਾਨ ਰਿਹਾਇਸ਼ ਦੇ ਸਾਰੇ ਗੇਟ ਅੰਦਰੋਂ ਬੰਦ ਕਰ ਦਿੱਤੇ ਗਏ। ਸਥਾਨਕ ਪੁਲਿਸ ਨੂੰ ਵੀ ਇਸ ਕਾਰਵਾਈ ਦੀ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।
ਜਾਂਚ ਦੌਰਾਨ ਵਿਧਾਇਕ ਦਫ਼ਤਰ ਦੇ ਸਾਰੇ ਕਰਮਚਾਰੀਆਂ ਦੇ ਮੋਬਾਈਲ ਫ਼ੋਨ ਬੰਦ ਪਾਏ ਗਏ। ਆਮਦਨ ਕਰ ਵਿਭਾਗ ਦੇ ਅਧਿਕਾਰੀ ਫਿਲਹਾਲ ਛਾਪੇਮਾਰੀ ਦੇ ਕਾਰਨਾਂ ਅਤੇ ਜਾਂਚ ਦੇ ਵੇਰਵਿਆਂ ਬਾਰੇ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਬਚ ਰਹੇ ਹਨ। ਇਹ ਕਾਰਵਾਈ ਕਿਸ ਮਾਮਲੇ ਵਿੱਚ ਕੀਤੀ ਗਈ ਹੈ, ਇਸ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ