
ਚੰਡੀਗੜ੍ਹ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ‘ਦੇ ਸਕੂਲ ਬਣਾਉਣ ਦਾ ਸੁਪਨਾ ਲੈ ਕੇ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਵਾਤਾਵਰਣ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਵਾਲੇ ਸਕੂਲਾਂ ਨੂੰ ਸਨਮਾਨਿਤ ਕਰਨ ਵਾਲੀ ਸੰਸਥਾ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ (ਸੀ.ਐਸ.ਈ.) ਵਲੋਂ ਇਸ ਸਾਲ ਦੇ ਗਰੀਨ ਸਕੂਲ ਐਵਾਰਡ ਸਮਾਰੋਹ ਵਿਚ ਪੰਜਾਬ ਨੂੰ ‘ਬੈਸਟ ਸਟੇਟ’ ਅਤੇ ‘ਬੈਸਟ ਡਿਸਟ੍ਰਿਕਟ’ ਪੁਰਸਕਾਰ ਦੇਣ ਦਾ ਐਲਾਨ ਕਰ ਦਿੱਤਾ। ਇਹ ਐਵਾਰਡ 4 ਫਰਵਰੀ ਨੂੰ ਕਰਵਾਏ ਜਾ ਰਹੇ ਗਰੀਨ ਸਕੂਲ ਐਵਾਰਡ ਸਮਾਰੋਹ ਵਿਚ ਦਿੱਤਾ ਜਾਵੇਗਾ। ਦੇਸ਼ ਭਰ ਦੇ ਸਕੂਲਾਂ ਵਿਚ ਵਧੀਆ ਵਾਤਾਵਰਣ ਬਣਾਉਣ ਅਤੇ ਬੱਚਿਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਇਹ ਐਵਾਰਡ ਦਿੱਤਾ ਜਾਂਦਾ ਹੈ। ਸੀ.ਐਸ.ਈ. ਵਲੋ਼ ਚਲਾਇਆ ਜਾ ਰਿਹਾ ਗਰੀਨ ਸਕੂਲ ਪ੍ਰੋਗਰਾਮ ਪੂਰੇ ਦੇਸ਼ ਵਿਚ ਸਕੂਲਾਂ ‘ਤੇ ਹੀ ਆਧਾਰਿਤ ਹੈ। ਇਸ ਪ੍ਰੋਗਰਾਮ ਅਧੀਨ ਸਕੂਲਾਂ ਵਿਚ 6 ਮੁੱਖ ਖੇਤਰਾਂ ਦੇ ਮੁੱਖ ਸਰੋਤਾਂ ਦੀ ਢੁੱਕਵੀਂ ਵਰਤੋਂ ਦਾ ਮੁਲੰਕਣ ਕਰਨ ਪਿਛੋਂ ਦਿੱਤਾ ਜਾਂਦਾ ਹੈ। ਇਨ੍ਹਾਂ ਖੇਤਰਾਂ ਵਿਚ ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ ਖੂੰਹਦ ਸਾ਼ਮਲ ਹਨ। ਇਸ ਸਾਲ ਇਸ ਸੰਸਥਾ ਵਲੋਂ ਸਾਰੇ ਭਾਰਤ ਦੇ ਸਕੂਲਾਂ ਦੇ ਕੀਤੇ ਗਏ ਮੁਲੰਕਣ ਪਿਛੋਂ ਪੰਜਾਬ ਦੇ ਸਕੂਲਾਂ ਦਾ ਵਾਤਾਰਵਣ ਸਭ ਤੋਂ ਸਾਫ ਮੰਨਿਆ ਗਿਆ ਅਤੇ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਸਭ ਤੋਂ ਵੱਧ ਸਰੋਤ ਦੇਖੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਨੂੰ ਇਹ ਐਵਾਰਡ ਮਿਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਐਵਾਰਡ ਦਾ ਸਿਹਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਪੰਜਾਬ ਦੇ ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਨੂੰ ਜਾਂਦਾ ਹੈ।