
ਅੰਮ੍ਰਿਤਸਰ, 31 ਜਨਵਰੀ : ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ‘ਤੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਆਕਾਸ਼ਦੀਪ ਸਿੰਘ ਦੇ ਮਾਮਲੇ ਵਿਚ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਉਸਦਾ ਦੁਬਈ ਵਿੱਚ ਬ੍ਰੇਨ ਵਾਸ਼ ਕੀਤਾ ਗਿਆ ਸੀ। ਆਕਾਸ਼ਦੀਪ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਉਸਨੂੰ ਦੁਬਾਰਾ ਕੋਰਟ ਲੈ ਕੇ ਪਹੁੰਚੀ ਸੀ, ਜਿੱਥੇ ਪੁਲਿਸ ਨੇ ਉਸਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ। ਪੁਲਿਸ ਨੇ ਕੋਰਟ ਵਿੱਚ ਦੱਸਿਆ ਕਿ ਦੋਸ਼ੀ ਨੇ ਇੱਕ ਝੰਡਾ ਬਠਿੰਡਾ ਵਿੱਚ ਸਾੜਨਾ ਸੀ, ਜਿਸਨੂੰ ਅਜੇ ਬਰਾਮਦ ਕੀਤਾ ਜਾਣਾ ਹੈ।
ਦਲਿਤ ਸਮਾਜ ਵੱਲੋਂ ਕੋਰਟ ਵਿੱਚ ਪਹੁੰਚੇ ਵਕੀਲ ਅਨਿਲ ਕੁਮਾਰ ਚੀਮਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਅਜੇ ਦੋਸ਼ੀ ਤੋਂ ਇੱਕ ਝੰਡਾ ਬਰਾਮਦ ਕਰਨਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਦੇ ਲਿੰਕ ਦੁਬਈ ਨਾਲ ਜੁੜੇ ਹਨ। ਦੁਬਈ ਵਿੱਚ ਉਸਦਾ ਬ੍ਰੇਨਵਾਸ਼ ਕੀਤਾ ਗਿਆ ਅਤੇ ਉਸਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਭੇਜਿਆ ਗਿਆ ਸੀ। ਦੋਸ਼ੀ ਨੇ 26 ਜਨਵਰੀ ਦੇ ਦਿਨ ਡਾ. ਭੀਮ ਰਾਮ ਅੰਬੇਡਕਰ ਦੀ ਮੂਰਤੀ ਦੇ ਹੇਠਾਂ ਤਿਰੰਗਾ ਸਾੜਿਆ ਸੀ। ਉਸ ਤੋਂ ਬਾਅਦ ਹਥੌੜਾ ਲੈ ਕੇ ਮੂਰਤੀ ‘ਤੇ ਚੜ੍ਹ ਗਿਆ।
ਏਸੀਪੀ ਸੈਂਟਰਲ ਜਸਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਆਕਾਸ਼ਦੀਪ ਤੋਂ ਇੱਕ ਫ਼ੋਨ ਬਰਾਮਦ ਕੀਤਾ ਗਿਆ ਹੈ, ਜਿਸਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਉਸਦੀ ਰਿਪੋਰਟ ਤੋਂ ਸਾਹਮਣੇ ਆਵੇਗਾ ਕਿ ਦੋਸ਼ੀ ਕਿਸ-ਕਿਸ ਨਾਲ ਗੱਲ ਕਰਦਾ ਸੀ। ਨਾਲ ਹੀ, ਦੋਸ਼ੀ ਨਾਲ ਸਬੰਧਤ ਸਾਰੇ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ।
ਫਿਲਹਾਲ ਦੋਸ਼ੀ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਏਸੀਪੀ ਜਸਪਾਲ ਨੇ ਦੱਸਿਆ ਕਿ ਅਜੇ ਉਹ ਵਧੇਰੇ ਜਾਣਕਾਰੀਆਂ ਸਾਂਝੀਆਂ ਨਹੀਂ ਕਰ ਸਕਦੇ, ਕਿਉਂਕਿ ਜਾਂਚ ਅਜੇ ਚੱਲ ਰਹੀ ਹੈ।
ਨਾਲ ਹੀ, ਭੀਮਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਮੂਰਤੀ ਸਥਾਨ ਦੇ ਸਾਹਮਣੇ ਸਥਿਤ ਬਿਲਡਿੰਗ ਵਿੱਚ ਲੱਗੇ ਸੀਸੀਟੀਵੀ ਵਿੱਚ ਸਾਫ਼ ਪਤਾ ਚੱਲਿਆ ਕਿ ਦੋਸ਼ੀ ਆਪਣੇ ਨਾਲ ਬੋਤਲ ਵਿੱਚ ਜਲਣਸ਼ੀਲ ਪਦਾਰਥ ਲਿਆਇਆ ਸੀ। ਜਿਸ ਨਾਲ ਉਸਨੇ ਸੰਵਿਧਾਨ ਦੇ ਪ੍ਰਤੀਰੂਪ ਨੂੰ ਸਾੜਨ ਦੀ ਕੋਸ਼ਿਸ਼ ਕੀਤੀ।
ਨਾਲ ਹੀ, ਦੂਜੇ ਪਾਸੇ ਮੂਰਤੀ ਨੂੰ ਤੋੜਨ ਲਈ ਵੀ ਉਹ ਆਪਣੇ ਨਾਲ ਹਥੌੜਾ ਲੈ ਕੇ ਆਇਆ ਸੀ। ਜਿਸਨੂੰ ਉਸਨੇ ਆਪਣੇ ਪਿੱਠੂ ਬੈਗ ਵਿੱਚ ਪਾ ਰੱਖਿਆ ਸੀ। ਸੀਸੀਟੀਵੀ ਵਿੱਚ ਉਹ ਬੈਗ ਵਿੱਚੋਂ ਹਥੌੜਾ ਕੱਢਦਾ ਹੋਇਆ ਸਾਫ਼ ਦਿਖਾਈ ਦਿੱਤਾ।
ਪੁਲਿਸ ਇਸ ਮਾਮਲੇ ਵਿੱਚ ਦੋਸ਼ੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਘਟਨਾ ਤੋਂ ਬਾਅਦ ਹੀ ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ 8 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਚੁੱਕੀ ਹੈ। ਮਾਮਲੇ ਵਿੱਚ ਪੁਲਿਸ ਅਜੇ ਤੱਕ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ।