
ਸੁਨਾਮ, 13 ਜਨਵਰੀ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਆਪਣੇ ਨਿੱਜੀ ਵਿਧਾਨ ਸਭਾ ਹਲਕਾ ਸੁਨਾਮ ਵਿਚ ਵੱਖ ਵੱਖ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਅਤੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਂਦੀ। ਇਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਅਧੁਨਿਕ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਨੂੰ ਅਧੁਨਿਕ ਤਕਨੀਕਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਸੰਸਥਾਵਾਂ ਤੋਂ ਉੱਚੇ ਪੱਧਰ ‘ਤੇ ਲਿਜਾਣ ਦਾ ਟੀਚਾ ਮਿਥਿਆ ਗਿਆ ਹੈ।
ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਪਿੰਡ ਚੋਵਾਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਇੰਸ ਲੈਬ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪਹਿਲ ਸਾਡੀ ਨਵੀਂ ਪੀੜ੍ਹੀ ਨੂੰ ਚੰਗੀਆਂ ਵਿਦਿਅਕ ਸਹੂਲਤਾਂ ਦੇਣਾ ਹੈ। ਜੇਕਰ ਸਾਡੀ ਨਵੀਂ ਪੀੜ੍ਹੀ ਚੰਗੀ ਵਿਦਿਆ ਹਾਸਲ ਕਰੇਗੀ ਤਾਂ ਹੀ ਸਾਡਾ ਪੰਜਾਬ ਤਰੱਕੀ ਕਰ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। ਇਸ ਲਈ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਅਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੀ ਬਣ ਚੁੱਕੀ ਹੈ। ਹੁਣ ਅਸੀਂ ਅਜਿਹੇ ਹਾਲਾਤ ਪੈਦਾ ਕਰਾਂਗੇ ਕਿ ਲੋਕ ਪ੍ਰਾਈਵੇਟ ਸਕੂਲਾਂ ਦੀ ਥਾਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਨੂੰ ਪਹਿਲ ਦੇਣਗੇ।
ਸ੍ਰੀ ਅਮਨ ਅਰੋੜਾ ਨੇ ਪਿੰਡ ਉਭਾਵਾਲ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ 11 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸਾਇੰਸ ਲੈਬ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਪਿੰਡ ਨਿਮੋਲ ਵਿਖੇ ਵੀ 11 ਲੱਖ ਰੁਪਏ ਦੀ ਲਾਗਤ ਵਾਲੀ ਸਾਇੰਸ ਲੈਬ ਦਾ ਨੀਂਹ ਪੱਥਰ ਰੱਖਿਆ।
ਇਸ ਤੋਂ ਬਾਅਦ ਅਮਨ ਅਰੋੜਾ ਨੇ ਸੁਨਾਮ ਦੇ ਸਿਵਲ ਹਸਪਤਾਲ ਵਿਚ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਡਰੱਗ ਵੇਅਰ ਹਾਊਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਡਰੱਗ ਵੇਅਰ ਹਾਊਸ ਬਣਾਏ ਜਾ ਰਹੇ ਹਨ। ਇਸ ਨਾਲ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਘਾਟ ਦੂਰ ਹੋਵੇਗੀ। ਸੁਨਾਮ ਵਿਖੇ ਬਣਾਇਆ ਜਾਣ ਵਾਲਾ ਡਰੱਗ ਵੇਅਰ ਹਾਊਸ ਇਕੱਲੇ ਸੰਗਰੂਰ ਹੀ ਨਹੀਂ ਸਗੋਂ ਆਸ ਪਾਸ ਦੇ ਜਿਲਿਆਂ ਲਈ ਵੀ ਵਰਦਾਨ ਸਾਬਤ ਹੋਵੇਗਾ, ਕਿਉਂਕਿ ਇਸ ਵੇਅਰ ਹਾਊਸ ਵਿਚ ਹਰ ਵੇਲੇ 15 ਤੋਂ 18 ਕਰੋੜ ਰੁਪਏ ਦੀ ਦਵਾਈਆਂ ਉਪਲਭਦ ਹੋਇਆ ਕਰਨਗੀਆਂ। ਇਸ ਲਈ ਹਸਪਤਾਲਾਂ ਵਿਚ ਦਵਾਈਆਂ ਦੀ ਘਾਟ ਦੀ ਸਮੱਸਿਆ ਪੂਰੀ ਤਰਾਂ ਹੱਲ ਹੋ ਜਾਵੇਗੀ। ਪਹਿਲਾਂ ਸ਼ਿਕਾਇਤਾਂ ਆਉਂਦੀਆਂ ਸਨ ਕਿ ਕਈ ਵਾਰ ਦਵਾਈ ਨਾ ਮਿਲਣ ਕਾਰਨ ਮਰੀਜ਼ ਦੀ ਸਮੱਸਿਆ ਵਧ ਗਈ ਅਤੇ ਉਸ ਨੂੰ ਹੋਰ ਵੱਡੇ ਹਸਪਤਾਲਾਂ ਲਈ ਰੈਫਰ ਕਰਨਾ ਪੈਂਦਾ ਸੀ। ਇਸ ਲਈ ਹੁਣ ਆਪਣੇ ਨੇੜੇ ਡਰੱਗ ਵੇਅਰ ਹਾਊਸ ਬਨਣ ਨਾਲ ਦਵਾਈਆਂ ਦਾ ਵੱਡਾ ਸਟਾਕ ਇਸ ਵੇਅਰ ਹਾਊਸ ਵਿਚ ਜਮ੍ਹਾਂ ਰਿਹਾ ਕਰੇਗਾ। ਜਿਸ ਵੀ ਹਸਪਤਾਲ ਵਿਚ ਕਿਸੇ ਦਵਾਈ ਦੀ ਘਾਟ ਹੈ ਤਾਂ ਤੁਰੰਤ ਉਸ ਹਸਪਤਾਲ ਵਿਚ ਇਸ ਵੇਅਰ ਹਾਊਸ ਵਿਚੋਂ ਦਵਾਈ ਭੇਜ ਦਿੱਤੀ ਜਾਇਆ ਕਰੇਗੀ।
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਸਿਹਤ ਤੇ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।