ਹਿਸਾਰ, 3 ਨਵੰਬਰ : ਹਰਿਆਣਾ ਦੇ ਹਿਸਾਰ ‘ਚ ਸਾਹਮਣੇ ਆਇਆ ਹੈ ਇੱਕ ਹੈਰਾਨੀਜਨਕ ਮਾਮਲਾ ਜਿਸ ਵਿੱਚ ਸਾਬਕਾ ਮੰਤਰੀ ਅਨੂਪ ਧਾਨਕ ਦੇ ਭਰਾ ਸਤੀਸ਼ ਧਾਨਕ ਨੂੰ ਹਨੀ ਟਰੈਪ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਉਕਲਾਣਾ ਪੁਲਿਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਕਮੇਲਿੰਗ ਕਰਕੇ ਇੱਕ ਆਦਮੀ ਨੂੰ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦੇਣ ਅਤੇ ਪੈਸੇ ਐਂਠਣ ਦੇ ਦੋਸ਼ ਵਿੱਚ ਇਲਾਕੇ ਦੇ ਪਿੰਡ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਮੁਖੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦੋਸ਼ੀ ਔਰਤ ਸ਼ਿਕਾਇਤਕਰਤਾ ਨੂੰ ਝੂਠੇ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਹੀ ਹੈ ਅਤੇ ਪੈਸਿਆਂ ਦੀ ਮੰਗ ਕਰ ਰਹੀ ਹੈ। ਉਕਲਾਣਾ ਪੁਲਿਸ ਨੇ ਦੋਸ਼ੀ ਔਰਤ ਨੂੰ ਰੰਗੇ ਹੱਥੀਂ ਫੜ੍ਹਨ ਦੀ ਯੋਜਨਾ ਬਣਾਈ ਅਤੇ ਫਿਰ ਜਦੋਂ ਉਹ ਸ਼ਿਕਾਇਤਕਰਤਾ ਤੋਂ 2,30,000 ਰੁਪਏ ਲੈ ਰਹੀ ਸੀ, ਉਦੋਂ ਹੀ ਉਸਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੂਰੇ ਮਾਮਲੇ ਵਿੱਚ ਕਈ ਹੋਰ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਔਰਤ ਪਹਿਲਾਂ ਵੀ ਕਈ ਲੋਕਾਂ ਨੂੰ ਝੂਠੇ ਕੇਸਾਂ ਦੀ ਧਮਕੀ ਦੇ ਕੇ ਪੈਸੇ ਐਂਠ ਚੁੱਕੀ ਹੈ ਅਤੇ ਪਹਿਲਾਂ ਵੀ ਪੁਲਿਸ ਨੂੰ ਔਰਤ ਬਾਰੇ ਸ਼ਿਕਾਇਤ ਮਿਲੀ ਹੈ।