Wednesday, February 19Malwa News
Shadow

ਮਿਆਰੀ ਬੀਜ ਤੇ ਖਾਦਾਂ ਮੁਹਈਆ ਕਰਵਾਉਣ ਲਈ ਅਧੁਨਿਕ ਤਕਨੀਕਾਂ ਦੀ ਵਰਤੋਂ

ਫਰੀਦਕੋਟ, 22 ਜਨਵਰੀ : ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਉੱਚ ਦਰਜੇ ਦੇ ਮਿਆਰੀ ਬੀਜ ਅਤੇ ਖਾਦਾਂ ਮੁਹਈਆ ਕਰਵਾਉਣ ਲਈ ਸਰਕਾਰ ਵਲੋਂ ਅਧੁਨਿਕ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ, ਤਾਂ ਜੋ ਪੰਜਾਬ ਦੇ ਕਿਸਾਨ ਖੁਸ਼ਹਾਲ ਹੋ ਸਕਣ ਅਤੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਲਦੀ ਪੂਰਾ ਹੋ ਸਕੇ।
ਅੱਜ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ ਸਟੇਟ ਐਗਮਾਰਕ ਲੈਬ ਦਾ ਉਦਘਾਟਨ ਕਰਨ ਮੌਕੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਲੈਬ ਨਾਲ ਇਲਾਕੇ ਦੇ ਕਿਸਾਨਾਂ ਨੂੰ ਭਾਰੀ ਲਾਭ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਐਗਮਾਰਕ ਇਕ ਪ੍ਰਸਿੱਧ ਅਤੇ ਪ੍ਰਮਾਣੀਕਰਨ ਚਿੰਨ ਹੈ, ਜੋ ਭਾਰਤ ਵਿਚ ਖੇਤੀਬਾੜੀ ਨਾਲ ਸਬੰਧਿਤ ਉਤਪਾਦਾਂ ਲਈ ਵਰਤਿਆ ਜਾਂਦਾ ਹੈ। ਐਗਮਾਰਕ ਲੈਬ ਵਿਚ ਇਨ੍ਹਾਂ ਉਤਪਾਦਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪਤਾ ਲਾਇਆ ਜਾਂਦਾ ਹੈ ਕਿ ਸਬੰਧਿਤ ਉਤਪਾਦ ਮਨੁੱਖੀ ਲੋੜਾਂ ਲਈ ਨਿਰਧਾਰਤ ਮਾਪਦੰਡਾਂ ‘ਤੇ ਪੂਰਾ ਉੱਤਰਦਾ ਹੈ ਜਾਂ ਨਹੀਂ। ਉਨ੍ਹਾਂ ਨੇ ਦੱਸਿਆ ਕਿ ਹੁਣ ਕਿਸਾਨ ਉੱਚ ਕੁਆਲਿਟੀ ਦੇ ਪ੍ਰੋਡਕਟ ਤਿਆਰ ਕਰ ਸਕਦੇ ਹਨ ਅਤੇ ਇਸ ਲੈਬ ਵਲੋਂ ਜਾਂਚ ਪਿਛੋਂ ਉਨ੍ਹਾਂ ‘ਤੇ ਐਗਮਾਰਕ ਲਗਾ ਕੇ ਪੂਰੇ ਮੁੱਲ ‘ਤੇ ਵੇਚੇ ਜਾ ਸਕਣਗੇ। ਇਸ ਨਾਲ ਗਾਹਕ ਅਤੇ ਵੇਚਣ ਵਾਲੇ ਦੋਵਾਂ ਵਿਚ ਇਕ ਦੂਜੇ ਪ੍ਰਤੀ ਵਿਸ਼ਵਾਸ਼ ਵੀ ਪੈਦਾ ਹੋਵੇਗਾ।
ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਮੁੱਖ ਖੇਤੀਬਾੜੀ ਅਫਸਰ ਅਮਰੀਕ ਸਿੰਘ, ਏ.ਡੀ.ਸੀ. ਉਜਸਵੀ ਅਲੰਕਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ, ਡਿਪਟੀ ਡਾਇਰੈਕਟਰ ਚਰਨਜੀਤ ਸਿੰਘ, ਡਾ. ਅਵਨਿੰਦਰਪਾਲ ਸਿੰਘ, ਕਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

Basmati Rice Advertisment