
ਨਵੀਂ ਦਿੱਲੀ, 22 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੀਜੇ ਦਿਨ ਵੀ ਦਿੱਲੀ ਵਿਚ ਚੋਣ ਪ੍ਰਚਾਰ ਕੀਤਾ ਅਤੇ ਵਿਧਾਨ ਸਭਾ ਹਲਕਾ ਨਰੇਲਾ, ਤਿਮਾਰਪੁਰ ਅਤੇ ਬੁਰਾੜੀ ਵਿਚ ਰੋਡ ਸ਼ੋਅ ਕੱਢਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਹਰ ਹਾਲਤ ਵਿਚ ਬਹੁਮੱਤ ਮਿਲੇਗਾ ਅਤੇ ਭਾਜਪਾ ਦੇ ਸੁਪਨੇ ਚਕਨਾਚੂਰ ਹੋਣਗੇ।
ਭਗਵੰਤ ਸਿੰਘ ਮਾਨ ਦੇ ਰੋਡ ਸ਼ੋਅ ਦਾ ਥਾਂ ਥਾਂ ‘ਤੇ ਲੋਕਾਂ ਦੀ ਭੀੜ ਨੇ ਭਰਵਾਂ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਦੇ ਹੱਥ ਇੰਨੇ ਮਜਬੂਤ ਕਰੋ ਕਿ ਅੱਗੇ ਤੋਂ ਵਿਰੋਧੀ ਪਾਰਟੀਆਂ ਚੋਣ ਲੜਨ ਦੀ ਹਿੰਮਤ ਵੀ ਨਾ ਕਰਨ। ਉਨ੍ਹਾਂ ਨੇ ਕਿਹਾ ਦਿੱਲੀ ਦੇ ਲੋਕਾਂ ਨੂੰ ਜਿਸ ਤਰਾਂ ਦਾ ਪਾਰਦਰਸ਼ੀ ਪ੍ਰਸਾਸਨ ਸ੍ਰੀ ਅਰਵਿੰਦ ਕੇਜਰੀਵਾਲ ਨੇ ਮੁਹਈਆਕ ਰਵਾਇਆ ਹੈ, ਉਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਹਮੇਸ਼ਾਂ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀ ਨੀਤੀ ਹੀ ਅਪਣਾਈ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਹੀ ਪੰਜਾਬ ਵਿਚ ਲਾਗੂ ਕੀਤਾ ਗਿਆ ਹੈ। ਦਿੱਲੀ ਵਿਚੋਂ ਚੰਗੇ ਨਤੀਜੇ ਨਿਕਲਣ ਪਿਛੋਂ ਸਾਰੀਆਂ ਨੀਤੀਆਂ ਪੰਜਾਬ ਵਿਚ ਲਾਗੂ ਕਰ ਦਿੱਤੀਆਂ ਗਈਆਂ ਹਨ। ਦਿੱਲੀ ਵਿਚ ਬਣਾਏ ਗਏ ਮੁਹੱਲਾ ਕਲੀਨਿਕਾਂ ਨੂੰ ਲੋਕਾਂ ਦਾ ਇੰਨਾ ਸਹਿਯੋਗ ਮਿਲਿਆ ਕਿ ਅਸੀਂ ਪੰਜਾਬ ਵਿਚ ਵੀ ਆਮ ਆਦਮੀ ਕਲੀਨਿਕ ਖੋਲ੍ਹ ਦਿੱਤੇ। ਦਿੱਲੀ ਵਿਚ ਮੁਫਤ ਬਿਜਲੀ ਦਿੱਤੀ ਤਾਂ ਅਸੀਂ ਪੰਜਾਬ ਵਿਚ ਵੀ ਮੁਫਤ ਬਿਜਲੀ ਦੇ ਦਿੱਤੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਦਿੱਲੀ ਵਿਚ ਵਿਰੋਧੀ ਪਾਰਟੀਆਂ ਨੂੰ ਇਕ ਸੀਟ ਤੋਂ ਵੀ ਜਿੱਤ ਹਾਸਲ ਨਹੀਂ ਹੋਵੇਗੀ।