
ਚੰਡੀਗੜ੍ਹ, 22 ਜਨਵਰੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਵਿਦਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿਚ ਫਿਨਲੈਂਡ ਭੇਜਿਆ ਜਾਵੇਗਾ, ਜਿਸ ਵਿਚ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਸ਼ਾਮਲ ਹੋਣਗੇ।
ਅੱਜ ਮੋਹਾਲੀ ਦੇ ਸਕੂਲ ਆਫ ਐਮੀਨੈਂਸ ਦੇ ਦੌਰੇ ਦੌਰਾਨ ਸਿੱਖਿਆ ਮੰਤਰੀ ਦੇ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਦੇ ਮਾਹਿਰਾਂ ਦੀ ਟੀਮ ਨੇ ਐਮੀਨੈਂਸ ਸਕੂਲਾਂ ਦੀ ਪ੍ਰਣਾਲੀ ਦਾ ਮੁਆਇਨਾ ਕੀਤਾ। ਫਿਨਲੈਂਡ ਦੇ ਮਾਹਿਰਾਂ ਦਾ ਇਹ ਵਫਦ ਪਿਛਲੇ ਦਿਨਾਂ ਤੋਂ ਪੰਜਾਬ ਵਿਚ ਆਇਆ ਹੋਇਆ ਹੈ ਅਤੇ ਇਹ ਮਾਹਿਰ ਅਧਿਆਪਕਾਂ ਦੇ ਤੇ ਹੋਰ ਸਿੱਖਿਆ ਅਧਿਕਾਰੀਆਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇ ਰਹੇ ਹਨ।
ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਫਿਨਲੈਂਡ ਤੋਂ ਆਈ ਮਾਹਿਰਾਂ ਦੀ ਟੀਮ ਵਿਚ ਸ਼ਾਮਲ ਏਰੀ ਕਿਓਸਕੀ, ਸ੍ਰੀ ਜੋਇਲ, ਮਿਸ ਮਿਰਜਾਮੀ ਈਨੋਲਾ ਅਤੇ ਮਿਸ ਸਾਰੀ ਇਸੋਕਾਇਟੋ ਸਿੰਜੋਈ ਵਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਹੋਰ ਸੁਧਾਰ ਕਰਨ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਤਰੀਕਿਆਂ ਲਈ ਮਾਰਗਦਰਸ਼ਨ ਕਰਨ, ਨਵੇਂ ਪਾਠਕ੍ਰਮ ਤਿਆਰ ਕਰਨ ਦੀ ਸਿਖਲਾਈ ਅਤੇ ਅਧੁਨਿਕ ਖੋਜਾਂ ਬਾਰੇ ਇਸ ਟੀਮ ਵਲੋਂ ਅਧਿਆਪਕਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ।
ਸ੍ਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਅਜਿਹੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਧਿਆਪਕਾਂ ਦਾ ਇਕ ਵਫਦ ਫਿਨਲੈਂਡ ਭੇਜਿਆ ਗਿਆ ਸੀ, ਜਿਸ ਦੇ ਬਹੁਤ ਹੀ ਸਾਰਥਿਕ ਸਿੱਟੇ ਨਿਕਲੇ ਹਨ। ਹੁਣ ਅਧਿਆਪਕਾਂ ਦਾ ਦੂਜਾ ਵਫਦ ਫੇਰ ਮਾਰਚ ਵਿਚ ਫਿਨਲੈਂਡ ਭੇਜਿਆ ਜਾ ਰਿਹਾ ਹੈ, ਜਿਸ ਵਿਚ 72 ਪ੍ਰਾਇਮਰੀ ਅਧਿਆਪਕ ਸ਼ਾਮਲ ਹੋਣਗੇ।