ਬੁਢਲਾਡਾ, 7 ਦਸੰਬਰ : ਪੰਜਾਬ ਵਿਚ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ ਜਦੋਂ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਜਿੰਦਾ ਸਾੜ ਦਿੱਤਾ ਅਤੇ ਬਾਅਦ ਵਿਚ ਆਤਮ ਹੱਤਿਆ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁਢਲਾਡਾ ਨੇੜੇ ਦੇ ਪਿੰਡ ਬੋੜਾਵਾਲ ਵਿਖੇ ਮਨਜੀਤ ਕੌਰ ਨਾਂ ਦੀ ਔਰਤ ਦੇ ਇਸੇ ਪਿੰਡ ਦੇ ਹੀ ਨੌਜਵਾਨ ਮੇਜਰ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਮਨਜੀਤ ਕੌਰ ਇਸ ਪਿੰਡ ਵਿਚ ਹੀ ਵਿਆਹੀ ਹੋਈ ਸੀ। ਮਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਕਿ ਮਨਜੀਤ ਕੌਰ ਅਤੇ ਮੇਜਰ ਸਿੰਘ ਵਿਚਕਾਰ ਨਾਜਾਇਜ ਸਬੰਧ ਸਨ, ਪਰ ਹੁਣ ਮਨਜੀਤ ਕੌਰ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ। ਮੇਜਰ ਸਿੰਘ ਉਸਦਾ ਪਿੱਛਾ ਨਹੀਂ ਛੱਡ ਰਿਹਾ ਸੀ। ਮਨਜੀਤ ਕੌਰ ਬੁਢਲਾਡਾ ਵਿਖੇ ਸਿਲਾਈ ਦਾ ਕੰਮ ਕਰਦੀ ਸੀ। ਕੱਲ੍ਹ ਸ਼ਾਮ ਜਦੋਂ ਮਨਜੀਤ ਕੌਰ ਵਾਪਸ ਪਿੰਡ ਆਈ ਤਾਂ ਰਸਤੇ ਵਿਚ ਮੇਜਰ ਸਿੰਘ ਉਸ ਨੂੰ ਖਿੱਚ ਕੇ ਆਪਣੇ ਘਰ ਲੈ ਗਿਆ। ਪਹਿਲਾਂ ਤਾਂ ਮੇਜਰ ਸਿੰਘ ਨੇ ਮਨਜੀਤ ਕੌਰ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਉੱਪਰ ਤੇਲ ਦੀ ਭਰੀ ਟੈਂਕੀ ਸੁੱਟ ਦਿੱਤੀ। ਮੇਜਰ ਸਿੰਘ ਨੇ ਮਨਜੀਤ ਕੌਰ ਉੱਪਰ ਤੇਲ ਪਾ ਕੇ ਅੱਗ ਲਗਾ ਦਿੱਤੀ ਅਤੇ ਉਸ ਨੂੰ ਜਿੰਦਾ ਸਾੜ ਦਿੱਤਾ। ਇਸ ਤੋਂ ਬਾਅਦ ਮੇਜਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਰਾਤ ਨੂੰ ਜਦੋਂ ਮੇਜਰ ਸਿੰਘ ਵਾਪਸ ਘਰ ਆਇਆ ਤਾਂ ਉਸ ਨੇ ਘਰ ਵਿਚ ਹੀ ਖੁਦਕਸ਼ੀ ਕਰ ਲਈ। ਪੁਲੀਸ ਵਲੋਂ ਪਰਚਾ ਦਰਜ ਕਰਕੇ ਇਸ ਘਟਨਾ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਦਰਦਨਾਕ ਘਟਨਾਂ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ ਅਤੇ ਲੋਕਾਂ ਵਿਚ ਗਹਿਰਾ ਅਫਸੋਸ ਪਾਇਆ ਜਾ ਰਿਹਾ ਹੈ।