Wednesday, February 19Malwa News
Shadow

ਪੰਜਾਬ ‘ਚ ਬਣੇਗਾ ਸਾਈਬਰ ਸਕਿਉਰਿਟੀ ਸੈਂਟਰ : ਅਰੋੜਾ

ਚੰਡੀਗੜ੍ਹ, 16 ਜਨਵਰੀ : ਪੰਜਾਬ ਸਰਕਾਰ ਨੇ ਡਿਜੀਟਲ ਖੇਤਰ ਵਿਚ ਵੱਡੀ ਪਹਿਲਕਦਮੀ ਕਰਦਿਆਂ ਅੱਜ ਪੰਜਾਬੀ ਵਿਚ ਸਾਈਬਰ ਸਕਿਉਰਿਟੀ ਅਪ੍ਰੇਸ਼ਨ ਸੈਂਟਰ ਬਣਾਉਣ ਦਾ ਐਲਾਨ ਕੀਤਾ ਹੈ। ਪ੍ਰਸਾਸ਼ਨਿਕ ਸੁਧਾਰ ਤੇ ਜਨਤਕ ਸ਼ਿਕਾਇਤਾਂ ਬਾਰੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਸਾਈਬਰ ਸਕਿਉਰਿਟੀ ਦੇ ਖੇਤਰ ਵਿਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿਥੇ ਸਾਰੇ ਹੀ ਸਰਕਾਰੀ ਵਿਭਾਗਾਂ ਦੀ ਆਨਲਾਈਨ ਪ੍ਰਣਾਲੀ ਪੂਰੀ ਤਰਾਂ ਸੁਰੱਖਿਅਤ ਹੋ ਜਾਵੇਗੀ।
ਪੰਜਾਬ ਰਾਜ ਈ ਗਵਰਨੈਂਸ ਸੋਸਾਇਟੀ ਦੇ ਬੋਰਡ ਆਫ ਗਵਰਨਰਜ਼ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਵਿਚ ਸਾਈਬਰ ਅਪਰਾਧਾਂ ਨੂੰ ਨੱਥ ਪਾਉਣ ਲਈ ਸਾਈਬਰ ਸਕਿਉਰਿਟੀ ਅਪ੍ਰੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਇਹ ਸੈਂਟਰ ਸਾਰੇ ਹੀ ਸਰਕਾਰੀ ਪੋਰਟਲਾਂ ‘ਤੇ ਨਜ਼ਰ ਰੱਖੇਗਾ, ਤਾਂ ਜੋ ਕੋਈ ਵੀ ਸਾਈਬਰ ਅਪਰਾਧੀ ਪੰਜਾਬ ਦੇ ਸਰਕਾਰ ਦੇ ਕਿਸੇ ਵੀ ਕੰਮ ਕਾਜ ਨੂੰ ਪ੍ਰਭਾਵਿਤ ਨਾ ਕਰ ਸਕੇ। ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਸੈਂਟਰ ‘ਤੇ ਲੱਗਭਗ 42 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ ਕਿਹਾ ਕਿ ਅਧੁਨਿਕ ਯੁਗ ਵਿਚ ਸਾਈਬਰ ਹਮਲਿਆਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਲਈ ਆਈ.ਟੀ. ਢਾਂਚੇ ਦੀ ਸੁਰੱਖਿਆ ਬੇਹੱਦ ਜਰੂਰੀ ਹੈ।
ਇਸ ਤੋਂ ਬਾਅਦ ਸ੍ਰੀ ਅਮਨ ਅਰੋੜਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਅਤੇ ਪ੍ਰਸਾਸ਼ਨਿਕ ਸੁਧਾਰਾਂ ਬਾਰੇ ਰਣਨੀਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖਤੀ ਨਾਲ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਪਾਰਦਰਸ਼ੀ ਪ੍ਰਸਾਸ਼ਨ ਮੁਹਈਆ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਦੀਆਂ ਸ਼ਿਕਾਇਤਾਂ ਦਾ ਵੀ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ।

Basmati Rice Advertisment