
ਫਰੀਦਕੋਟ, 16 ਜਨਵਰੀ : ਪੰਜਾਬ ਸਰਕਾਰ ਵਲੋਂ ਭਰਿਸ਼ਟਾਚਰ ਖਿਲਾਫ ਵਿੱਢੀ ਗਈ ਮੁਹਿੰਮ ਅਧੀਨ ਅੱਜ ਫਰੀਦਕੋਟ ਦੇ ਵਸੀਕਾ ਨਵੀਸ ਡਿਪਟੀ ਸਿੰਘ ਨੂੰ ਤਹਿਸੀਲਦਾਰ ਦੇ ਨਾਮ ‘ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਟਹਿਣਾ ਦੇ ਵਾਸੀ ਪਰਮਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੀ ਮਾਤਾ ਜੀ ਦੇ ਨਾਮ ‘ਤੇ ਪਿੰਡ ਟਹਿਣਾ ਵਿਖੇ ਜ਼ਮੀਨ ਖਰੀਦੀ ਹੈ। ਇਸ ਲਈ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਉਹ ਵਸੀਕਾ ਨਵੀਸ ਡਿਪਟੀ ਸਿੰਘ ਕੋਲ ਪਹੁੰਚਿਆ। ਵਸੀਕਾ ਨਵੀਸ ਨੇ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਦੇ ਨਾਮ ‘ਤੇ 20 ਹਜਾਰ ਰੁਪਏ ਦੀ ਮੰਗ ਕੀਤੀ। ਪਰਮਜੀਤ ਸਿੰਘ ਨੇ ਗੂਗਲ ਪੇਅ ਰਾਹੀਂ ਡਿਪਟੀ ਸਿੰਘ ਨੂੰ 15 ਹਜਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਵਸੀਕਾ ਨਵੀਸ ਬਾਕੀ ਰਹਿੰਦੀ ਰਕਮ ਵਾਰ ਵਾਰ ਮੰਗ ਰਿਹਾ ਸੀ। ਪਰਮਜੀਤ ਸਿੰਘ ਨੇ ਆਪਣੇ ਮੋਬਾਈਲ ‘ਤੇ ਵਸੀਕਾ ਨਵੀਸ ਨਾਲ ਹੋਈ ਗੱਲਬਾਤ ਵੀ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਅੱਜ ਵਿਜੀਲੈਂਸ ਬਿਊਰੋ ਨੇ ਆਪਣਾ ਜਾਲ ਵਿਛਾ ਕੇ ਡਿਪਟੀ ਸਿੰਘ ਨੂੰ ਬਾਕੀ ਰਹਿੰਦੀ 5 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਵਲੋਂ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।