ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਪੱਛਮੀ ਦਿੱਲੀ ਵਿੱਚ ਇੱਕ ਕਿਰਾਏ ਦੀ ਦੁਕਾਨ ਤੋਂ 2,080 ਕਰੋੜ ਰੁਪਏ ਦੀ 208 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਨਸ਼ੀਲੇ ਪਦਾਰਥਾਂ ਨੂੰ ਸਨੈਕਸ ਦੇ ਪਲਾਸਟਿਕ ਪੈਕੇਟਾਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਦਿੱਲੀ ਦੇ ਰਮੇਸ਼ ਨਗਰ ਇਲਾਕੇ ਵਿੱਚ ਇੱਕ ਛੋਟੀ ਜਿਹੀ ਦੁਕਾਨ ਤੋਂ ਕਾਰਟਨਾਂ ਵਿੱਚ ਰੱਖੇ ਅਜਿਹੇ ਲਗਭਗ 20-25 ਪੈਕੇਟ ਬਰਾਮਦ ਕੀਤੇ ਗਏ ਹਨ।
ਇਹ ਜ਼ਬਤੀ ਦੱਖਣੀ-ਪੱਛਮੀ ਦਿੱਲੀ ਦੇ ਮਹਿਪਾਲਪੁਰ ਤੋਂ 5,000 ਕਰੋੜ ਰੁਪਏ ਤੋਂ ਵੱਧ ਕੀਮਤ ਦੇ 562 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਪਹਿਲਾਂ ਦੀ ਬਰਾਮਦਗੀ ਨਾਲ ਜੁੜੀ ਹੋਈ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਬਰਾਮਦ ਕੀਤੀ ਗਈ ਜ਼ਬਤੀ ਦਾ ਵਜ਼ਨ ਲਗਭਗ 208 ਕਿਲੋਗ੍ਰਾਮ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 2,080 ਕਰੋੜ ਰੁਪਏ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਖੇਪ ਭਾਰਤੀ ਮੂਲ ਦੇ ਇੱਕ ਬ੍ਰਿਟਿਸ਼ ਨਾਗਰਿਕ ਨੇ ਇੱਥੇ ਰੱਖੀ ਸੀ, ਜੋ ਹੁਣ ਫ਼ਰਾਰ ਹੈ। ਉਸ ਦੀ ਪਛਾਣ ਮੁਹੰਮਦ ਸ਼ੈਫੀ ਦੇ ਤੌਰ ‘ਤੇ ਹੋਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ, “ਸਾਨੂੰ ਆਪਣੀ ਪਿਛਲੀ ਜ਼ਬਤੀ ਅਤੇ ਗ੍ਰਿਫ਼ਤਾਰੀ ਦੀ ਜਾਂਚ ਦੌਰਾਨ ਗੁਪਤ ਸੂਚਨਾ ਮਿਲੀ ਸੀ। ਅੱਜ ਦਿਨ ਵਿੱਚ ਅਖ਼ਲਾਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਟਿਪ ਮਿਲੀ ਸੀ। ਵੀਰਵਾਰ ਸ਼ਾਮ ਨੂੰ ਸਪੈਸ਼ਲ ਸੈੱਲ ਦੀ ਇੱਕ ਟੀਮ ਨੂੰ ਦੁਕਾਨ ‘ਤੇ ਭੇਜਿਆ ਗਿਆ ਅਤੇ ਉਸ ਨੇ ਖੇਪ ਬਰਾਮਦ ਕੀਤੀ। ਕੁਝ ਦਿਨ ਪਹਿਲਾਂ ਦੁਕਾਨ ਕਿਰਾਏ ‘ਤੇ ਲਈ ਗਈ ਸੀ। ਦੁਕਾਨ ਦੇ ਮਾਲਕ ਸਮੇਤ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਹੈ।
ਮਾਲਕ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਕੱਪੜਿਆਂ ਨਾਲ ਜੁੜੇ ਕਾਰੋਬਾਰ ਲਈ ਦੁਕਾਨ ਕਿਰਾਏ ‘ਤੇ ਲਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਬ੍ਰਿਟਿਸ਼ ਨਾਗਰਿਕ ਦੇਸ਼ ਦੇ ਹੋਰ ਹਿੱਸਿਆਂ ਵਿੱਚ ਨਸ਼ੇ ਦੀ ਖੇਪ ਲੈ ਜਾਣਾ ਚਾਹੁੰਦਾ ਸੀ, ਪਰ ਪੁਲਿਸ ਦੀ ਪਿਛਲੀ ਜ਼ਬਤੀ ਤੋਂ ਬਾਅਦ ਉਹ ਭੱਜ ਗਿਆ।
ਸਪੈਸ਼ਲ ਸੈੱਲ ਨੇ 2 ਅਕਤੂਬਰ ਨੂੰ ਵੀ ਦੱਖਣੀ ਦਿੱਲੀ ਦੇ ਮਹਿਪਾਲਪੁਰ ਵਿੱਚ ਇੱਕ ਗੋਦਾਮ ਤੋਂ 560 ਕਿਲੋਗ੍ਰਾਮ ਤੋਂ ਵੱਧ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰੀਜੁਆਨਾ ਜ਼ਬਤ ਕੀਤਾ ਸੀ, ਜਿਸ ਦੀ ਅਨੁਮਾਨਿਤ ਕੀਮਤ 5,620 ਕਰੋੜ ਰੁਪਏ ਹੈ। ਇਸ ਮਾਮਲੇ ਵਿੱਚ ਚਾਰ ਲੋਕਾਂ ਤੁਸ਼ਾਰ ਗੋਇਲ, ਭਾਰਤ ਕੁਮਾਰ ਜੈਨ, ਔਰੰਗਜ਼ੇਬ ਸਿੱਦੀਕੀ ਅਤੇ ਹਿਮਾਂਸ਼ੂ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।