
ਟੋਰਾਂਟੋ, 11 ਅਕਤੂਬਰ : ਇੱਕ ਮਾਂ ਨੇ ਕੈਨੇਡੀ ਦੀ ਪੁਲੀਸ ‘ਤੇ ਕਰੋੜਾਂ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ, ਜਿਸਨੂੰ ਆਪਣੀ ਅਪਾਹਜ ਧੀ ਦੀ ਮੌਤ ਦੇ ਮਾਮਲੇ ਵਿੱਚ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਚਾਰ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਬਰੀ ਕੀਤਾ ਗਿਆ ਸੀ। ਉਸਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਜਾਂਚ ਵਿੱਚ ਲਾਪਰਵਾਹੀ ਵਰਤੀ, ਜਿਸ ਕਾਰਨ ਉਸਨੂੰ ਗ਼ਲਤ ਤਰੀਕੇ ਨਾਲ ਜੇਲ੍ਹ ਭੇਜਿਆ ਗਿਆ।
ਸਿੰਡੀ ਅਲੀ ਨਾਮ ਦੀ ਇਸ ਔਰਤ ਅਤੇ ਉਸਦੇ ਪਤੀ ਐਲਨ ਨੇ ਅਗਸਤ ਵਿੱਚ ਓਨਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ ਦਾਇਰ ਕੀਤੇ ਦਾਅਵੇ ਅਨੁਸਾਰ 10 ਮਿਲੀਅਨ ਡਾਲਰ ਤੋਂ ਵੱਧ ਦੇ ਹਰਜਾਨੇ ਦੀ ਮੰਗ ਕੀਤੀ ਹੈ।
ਇਸ ਮੁਕੱਦਮੇ ਵਿੱਚ ਟੋਰਾਂਟੋ ਸਿਟੀ ਦੀ ਟੋਰਾਂਟੋ ਪੁਲਿਸ ਸਰਵਿਸ ਬੋਰਡ ਦੇ ਮੁੱਖ ਜਾਂਚਕਰਤਾ ਅਤੇ ਇਕ ਫਾਇਰਫਾਈਟਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਪੁਲੀਸ ਦੇ ਇਸ ਅਧਿਕਾਰੀ ਨੇ ਗਲਤ ਜਾਂਚ ਕੀਤੀ ਅਤੇ ਫਾਇਰਫਾਈਟਰ ਨੇ ਉਸ ਖਿਲਾਫ ਗਲਤ ਗਵਾਹੀ ਦਿੱਤੀ।
ਦਾਅਵੇ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਲਾਪਰਵਾਹੀ ਵਰਤੀ ਅਤੇ ਸਿੰਡੀ ਅਲੀ ਦੀ 16 ਸਾਲਾ ਧੀ ਸਿਨਾਰਾ ਦੀ ਫਰਵਰੀ 2011 ਵਿੱਚ ਹੋਈ ਮੌਤ ਤੋਂ ਬਾਅਦ ਮਾਤਾ ਪਿਤਾ ਦੇ ਜੋੜੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਦੀ ਬੱਚੀ ਸਿਨਾਰਾ ਨੂੰ ਸੈਰੇਬਲ ਪਾਲਸੀ ਦੀ ਬਿਮਾਰੀ ਸੀ ਅਤੇ ਉਹ ਚੱਲਣ, ਬੋਲਣ ਜਾਂ ਖੁਦ ਖਾਣਾ ਖਾਣ ਦੇ ਯੋਗ ਨਹੀਂ ਸੀ।
ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ ਅਤੇ ਕਿਸੇ ਵੀ ਮੁਲਜ਼ਮ ਨੇ ਬਚਾਅ ਦਾ ਬਿਆਨ ਦਾਖਲ ਨਹੀਂ ਕੀਤਾ ਹੈ। ਸਿਟੀ ਅਤੇ ਪੁਲਿਸ ਬੋਰਡ ਦੋਵਾਂ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਤੱਕ ਇਹ ਅਦਾਲਤ ਵਿੱਚ ਵਿਚਾਰਾਧੀਨ ਹੈ।
ਸਿੰਡੀ ਅਲੀ ਨੂੰ ਸਭ ਤੋਂ ਪਹਿਲਾਂ ਸਾਲ 2016 ਵਿੱਚ ਜਿਊਰੀ ਮੁਕੱਦਮੇ ਵਿੱਚ ਪਹਿਲੇ ਦਰਜੇ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸਨੇ 2021 ਵਿੱਚ ਉਸ ਸਜ਼ਾ ਖਿਲਾਫ ਸਫਲਤਾਪੂਰਵਕ ਅਪੀਲ ਕੀਤੀ ਅਤੇ ਉਸਨੂੰ ਨਵਾਂ ਮੁਕੱਦਮਾ ਦਿੱਤਾ ਗਿਆ, ਜਿਸ ਵਿੱਚ ਉਸਨੂੰ ਇਸ ਸਾਲ ਦੇ ਸ਼ੁਰੂ ਵਿੱਚ ਬੇਕਸੂਰ ਪਾਇਆ ਗਿਆ।
ਮੁਕੱਦਮੇ ਵਿਚ ਕੀਤੇ ਗਏ ਦਾਅਵੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਟੋਰਾਂਟੋ ਪੁਲਿਸ ਦੇ ਮੁੱਖ ਜਾਂਚਕਰਤਾ ਨੇ ਸਿੰਡੀ ਅਲੀ ਦੇ ਘਟਨਾਵਾਂ ਦੇ ਵਰਜਨ ਨੂੰ ਉਚਿਤ ਜਾਂਚ ਤੋਂ ਬਿਨਾਂ ਹੀ ਖਾਰਜ ਕਰ ਦਿੱਤਾ ਸੀ। ਸਿੰਡੀ ਅਲੀ ਨੇ ਕਿਹਾ ਸੀ ਕਿ ਜਦੋਂ ਉਸਦੀ ਲੜਕੀ ਦੀ ਮੌਤ ਹੋਈ ਤਾਂ ਉਸ ਵੇਲੇ ਦੋ ਨਕਾਬਪੋਸ਼ ਆਦਮੀ ਉਨ੍ਹਾਂ ਦੇ ਘਰ ਵਿਚ ਘੁਸੇ ਸਨ।
