ਚੰਡੀਗੜ੍ਹ, 20 ਨਵੰਬਰ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਵਿਚ ਸਹਿਕਾਰਤਾ ਲਹਿਰ ਦੀ ਮਜਬੂਤੀ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਸਹਿਕਾਰਤਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ।
ਚੰਡੀਗੜ੍ਹ ਵਿਖੇ ਸਹਿਕਾਰਤਾ ਹਫਤੇ ਦੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਹਿਕਾਰੀ ਸੰਸਥਾਵਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਪਹਿਲਾਂ ਸ਼ੂਗਰਫੈਡ ਦੀਆਂ 400 ਕਰੋੜ ਤੋਂ ਵੀ ਵੱਧ ਦੀਆਂ ਦੇਣਦਾਰੀਆਂ ਸਨ, ਪਰ ਸਰਕਾਰ ਦੇ ਯਤਨਾਂ ਨਾਲ ਇਸ ਵੇਲੇ ਸ਼ੂਗਰਫੈਡ ਦੇਣਦਾਰੀਆਂ ਤੋਂ ਮੁਕਤ ਹੋ ਚੁੱਕਾ ਹੈ ਅਤੇ ਮੁਨਾਫੇ ਵਿਚ ਚੱਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਹਿਕਾਰੀ ਵਿਭਾਗ ਵਲੋਂ ਤਿਆਰ ਕੀਤੀਆਂ ਗਈਆਂ ਫੁਲਕਾਰੀਆਂ ਲਈ ਵੈਬ ਪੋਰਟਲ ‘ਫੁੱਲਕਾਰੀ’ ਲਾਂਚ ਕੀਤਾ ਅਤੇ ਇਸ ਤੋਂ ਇਲਾਵਾ ਵੇਰਕਾ ਦੇ ਕੁੱਝ ਨਵੇਂ ਪ੍ਰੋਡਕਟ ਵੀ ਲਾਂਚ ਕੀਤੇ।
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਹਿਕਾਰੀ ਅਦਾਰੇ ਮਿਲਕਫੈਡ ਨੂੰ ਦੇਸ਼ ਦੀਆਂ ਤਿੰਨ ਦੁੱਧ ਉਤਪਾਦਕ ਏਜੰਸੀਆਂ ਵਿਚੋਂ ਇਕ ਦਾ ਦਰਜਾ ਮਿਲ ਚੁੱਕਾ ਹੈ।
ਇਸ ਸਮਾਗਮ ਨੂੰ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ. ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਸਹਿਕਾਰਤਾ ਸਕੱਤਰ ਰੀਤੂ ਅਗਰਵਾਲ, ਚੇਅਰਮੈਨ ਪੀਐਸਸੀਬੀ ਜਗਦੇਵ ਸਿੰਘ ਭੰਮ, ਚੇਅਰਮੈਨ ਐਸ ਏ ਡੀ ਬੀ ਸੁਰੇਸ਼ ਗੋਇਲ, ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਸੂਗਰਫੈਡ ਦੇ ਚੇਅਰਮੈਨ ਨਵਦੀਪ ਸਿੰਘ ਜੇੜਾ, ਲੇਬਰਫੈਡ ਦੇ ਚੇਅਰਮੈਨ ਵਿਸ਼ਵਾਸ ਸੈਣੀ ਅਤੇ ਹਾਊਸਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।