ਚੰਡੀਗੜ੍ਹ, 20 ਨਵੰਬਰ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਕਰਵਾਈ ਗਈ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਿਆ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਾਮ 6 ਵਜੇ ਤੱਕ ਸਾਰੇ ਹਲਕਿਆਂ ਵਿਚ 63 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਵਿਧਾਨ ਸਭਾ ਹਲਕਾ ਗਿੱਦੜਬਹਾ ਵਿਚ ਸਭ ਤੋਂ ਵੱਧ 81 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ। ਡੇਰਾ ਬਾਬਾ ਨਾਨਕ ਹਲਕੇ ਵਿਚ ਸ਼ਾਮ 6 ਵਜੇ ਤੱਕ 63 ਪ੍ਰਤੀ਼ਸਤ, ਬਰਨਾਲਾ ਵਿਚ 54 ਪ੍ਰਤੀਸ਼ਤ ਅਤੇ ਹਲਕਾ ਚੱਬੇਵਾਲਾ ਵਿਚ 53 ਪ੍ਰਤੀਸ਼ਤ ਵੋਟਾਂ ਪਈਆਂ। ਮੁੱਖ ਚੋਣ ਅਧਿਕਾਰੀ ਨੇ ਸ਼ਾਂਤੀਪੂਰਨ ਵੋਟਾਂ ਪੈਣ ਦੇ ਕੰਮ ਵਿਚ ਸਾਥ ਦੇਣ ਲਈ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵੀ ਧੰਨਵਾਦ ਕੀਤਾ।