ਨਿਊਯਾਰਕ, 21 ਨਵੰਬਰ : ਨਿਊ ਯਾਰਕ ਦੀ ਫੈਡਰਲ ਅਦਾਲਤ ਵਿੱਚ ਹੋਈ ਸੁਣਵਾਈ ਵਿੱਚ ਗੌਤਮ ਅਡਾਨੀ ਸਮੇਤ 8 ਵਿਅਕਤੀਆਂ ਖਿਲਾਫ ਅਰਬਾਂ ਡਾਲਰ ਦੀ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਆਰੋਪ ਲਗਾਏ ਗਏ ਹਨ। ਯੂਨਾਈਟਿਡ ਸਟੇਟਸ ਅਟਾਰਨੀ ਦਫ਼ਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੌਰ ਊਰਜਾ ਨਾਲ ਸਬੰਧਤ ਠੇਕਾ ਪ੍ਰਾਪਤ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਲਗਭਗ 2110 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ।
ਇਸ ਮਾਮਲੇ ਵਿਚ ਅਡਾਨੀ ਤੋਂ ਇਲਾਵਾ ਸ਼ਾਮਲ ਹੋਰ 7 ਵਿਅਕਤੀਆਂ ਵਿਚ ਸਾਗਰ ਅਡਾਨੀ, ਵਿਨੀਤ ਐਸ ਜੈਨ, ਰੰਜੀਤ ਗੁਪਤਾ, ਸਾਇਰਿਲ ਕੈਬੇਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਅਤੇ ਰੂਪੇਸ਼ ਅਗਰਵਾਲ ਦੇ ਨਾਮ ਹਨ। ਅਡਾਨੀ ਉੱਤੇ ਦੋਸ਼ ਲੱਗੇ ਹਨ ਕਿ ਉਸ ਨੇ ਰਿਸ਼ਵਤ ਦੇ ਇਨ੍ਹਾਂ ਪੈਸਿਆਂ ਨੂੰ ਇਕੱਠਾ ਕਰਨ ਲਈ ਅਮਰੀਕੀ, ਵਿਦੇਸ਼ੀ ਨਿਵੇਸ਼ਕਾਂ ਅਤੇ ਬੈਂਕਾਂ ਨੂੰ ਝੂਠ ਬੋਲਿਆ।
ਸਾਗਰ ਅਤੇ ਵਿਨੀਤ ਅਡਾਨੀ ਗ੍ਰੀਨ ਐਨਰਜੀ ਲਿਮਿਟਡ ਦੇ ਅਧਿਕਾਰੀ ਹਨ। ਸਾਗਰ, ਗੌਤਮ ਅਡਾਨੀ ਦੇ ਭਤੀਜੇ ਹਨ। ਰੌਇਟਰਸ ਦੀ ਰਿਪੋਰਟ ਅਨੁਸਾਰ, ਗੌਤਮ ਅਡਾਨੀ ਅਤੇ ਸਾਗਰ ਦੇ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ।
ਅਮਰੀਕਾ ਵਿੱਚ ਮਾਮਲਾ ਇਸ ਲਈ ਦਰਜ ਹੋਇਆ, ਕਿਉਂਕਿ ਪ੍ਰੋਜੈਕਟ ਵਿੱਚ ਅਮਰੀਕੀ ਨਿਵੇਸ਼ਕਾਂ ਦਾ ਪੈਸਾ ਲੱਗਾ ਸੀ ਅਤੇ ਅਮਰੀਕੀ ਕਾਨੂੰਨ ਦੇ ਤਹਿਤ ਉਸ ਪੈਸੇ ਨੂੰ ਰਿਸ਼ਵਤ ਦੇ ਰੂਪ ਵਿੱਚ ਦੇਣਾ ਅਪਰਾਧ ਹੈ।
ਬੁੱਧਵਾਰ ਨੂੰ ਅਡਾਣੀ ਨੇ 20 ਸਾਲ ਦੇ ਗ੍ਰੀਨ ਬੌਂਡ ਦੀ ਵਿਕਰੀ ਤੋਂ 600 ਮਿਲੀਅਨ ਡਾਲਰ ਇਕੱਠੇ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਉਨ੍ਹਾਂ ‘ਤੇ ਧੋਖਾਧੜੀ ਦੇ ਦੋਸ਼ ਲਗਾ ਦਿੱਤੇ ਗਏ।
2020 ਤੋਂ 2024 ਦੇ ਦੌਰਾਨ ਅਡਾਨੀ ਸਮੇਤ ਸਾਰੇ ਦੋਸ਼ੀਆਂ ਨੇ ਭਾਰਤ ਸਰਕਾਰ ਦੇ ਸੌਰ ਊਰਜਾ ਠੇਕੇ ਪ੍ਰਾਪਤ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ। ਇਸ ਪ੍ਰੋਜੈਕਟ ਤੋਂ 20 ਸਾਲਾਂ ਵਿੱਚ 2 ਬਿਲੀਅਨ ਡਾਲਰ ਤੋਂ ਵੱਧ ਮੁਨਾਫ਼ੇ ਦਾ ਅਨੁਮਾਨ ਸੀ।
ਅਡਾਣੀ ਨੇ ਯੋਜਨਾ ਅੱਗੇ ਵਧਾਉਣ ਲਈ ਇੱਕ ਭਾਰਤੀ ਸਰਕਾਰੀ ਅਧਿਕਾਰੀ ਨਾਲ ਮੁਲਾਕਾਤ ਕੀਤੀ। ਸਾਗਰ ਅਤੇ ਵਿਨੀਤ ਨੇ ਯੋਜਨਾ ‘ਤੇ ਕੰਮ ਕਰਨ ਲਈ ਕਈ ਮੀਟਿੰਗਾਂ ਕੀਤੀਆਂ।
ਅਦਾਲਤ ਵਿੱਚ ਦੱਸਿਆ ਗਿਆ ਕਿ ਸਾਇਰਿਲ ਕੈਬੇਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਅਤੇ ਰੂਪੇਸ਼ ਅਗਰਵਾਲ ਨੇ ਰਿਸ਼ਵਤ ਯੋਜਨਾ ਦੀ ਜਾਂਚ ਨੂੰ ਰੋਕਣ ਲਈ ਗ੍ਰੈਂਡ ਜੂਰੀ, FBI ਅਤੇ ਯੂਐਸ ਸਿਕਿਊਰਿਟੀਜ਼ ਐਂਡ ਐਕਸਚੇਂਜ ਕਮੀਸ਼ਨ (SEC) ਦੀ ਜਾਂਚ ਨੂੰ ਰੋਕਣ ਦੀ ਸਾਜਿਸ਼ ਰਚੀ। ਇਨ੍ਹਾਂ ਚਾਰਾਂ ਨੇ ਯੋਜਨਾ ਨਾਲ ਜੁੜੇ ਈਮੇਲ, ਸੁਨੇਹੇ ਅਤੇ ਵਿਸ਼ਲੇਸ਼ਣ ਵੀ ਮਿਟਾ ਦਿੱਤੇ।
ਅਡਾਨੀ ਗ੍ਰੀਨ ਐਨਰਜੀ ਨੇ ਠੇਕੇ ਦੇ ਤਹਿਤ ਫੰਡ ਦੇਣ ਲਈ ਅਮਰੀਕੀ ਨਿਵੇਸ਼ਕਾਂ ਅਤੇ ਅੰਤਰਰਾਸ਼ਟਰੀ ਉਧਾਰ ਦਾਤਾਵਾਂ ਤੋਂ ਕੁੱਲ 3 ਬਿਲੀਅਨ ਡਾਲਰ ਦੀ ਰਕਮ ਇਕੱਠੀ ਕੀਤੀ।
ਗੌਤਮ ਅਡਾਨੀ ਦੇ ਭਤੀਜੇ ਸਾਗਰ ਨੇ ਬ੍ਰਾਉਨ ਯੂਨੀਵਰਸਿਟੀ, ਯੂਐਸ ਤੋਂ ਅਰਥਸ਼ਾਸਤਰ ਵਿੱਚ ਡਿਗਰੀ ਕੀਤੀ ਹੋਈ ਹੈ। ਸਾਗਰ 2015 ਵਿੱਚ ਅਡਾਨੀ ਗਰੁੱਪ ਵਿੱਚ ਸ਼ਾਮਲ ਹੋਏ ਸਨ। ਸਾਗਰ ਅਡਾਨੀ ਇਸ ਗਰੁੱਪ ਦੇ ਊਰਜਾ ਕਾਰੋਬਾਰ ਅਤੇ ਵਿੱਤੀ ਪ੍ਰਬੰਧ ਦੇਖਦੇ ਹਨ। ਉਹ ਨਵੀਨੀਕਰਨਯੋਗ ਊਰਜਾ ਕਾਰੋਬਾਰ ‘ਤੇ ਧਿਆਨ ਕੇਂਦਰਤ ਕਰਦੇ ਹਨ ਅਤੇ 2030 ਤੱਕ ਕੰਪਨੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਨਵੀਨੀਕਰਨਯੋਗ ਊਰਜਾ ਉਤਪਾਦਕ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਭਾਵੇਂ ਅਮਰੀਕੀ ਨਿਆਂ ਵਿਭਾਗ ਦੇ ਦੋਸ਼ ਬੁੱਧਵਾਰ ਰਾਤ ਸਾਹਮਣੇ ਆਏ, ਪਰ ਦੋ ਦਿਨ ਪਹਿਲਾਂ 18 ਨਵੰਬਰ ਨੂੰ ਅਡਾਨੀ ਐਨਰਜੀ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ। ਅਡਾਨੀ ਐਨਰਜੀ ਸੌਲਿਊਸ਼ਨਸ ਦਾ ਸ਼ੇਅਰ 1.33% ਦੀ ਗਿਰਾਵਟ ਦੇ ਨਾਲ ਬੰਦ ਹੋਇਆ।
ਅਡਾਨੀ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ 10 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ 15,000 ਨੌਕਰੀਆਂ ਵਧਣ ਦੀ ਉਮੀਦ ਜਤਾਈ ਗਈ ਸੀ।