ਚੰਡੀਗੜ੍ਹ, 21 ਨਵੰਬਰ : ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਚੰਗੀਆਂ ਅਤੇ ਪਾਰਦਰਸ਼ੀ ਸੇਵਾਵਾਂ ਮੁਹਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਅਧੀਨ ਅੱਜ ਡਿਊਟੀ ਤੋਂ ਲਾਪਰਵਾਹੀ ਕਰਨ ਵਾਲੇ 5 ਵੈਟਰਨਰੀ ਅਫਸਰਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਾਰ ਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਲੋਕਾਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਸੇਵਾਵਾਂ ਮੁਹਈਆ ਕਰਵਾਈਆਂ ਜਾਣ। ਪਰ ਬਹੁਤ ਸਾਰੇ ਅਫਸਰ ਅਤੇ ਮੁਲਾਜ਼ਮ ਅਜੇ ਵੀ ਸਰਕਾਰ ਦੀਆਂ ਹਦਾਇਤਾਂ ਦੀ ਪ੍ਰਵਾਨ ਨਾ ਕਰਦਿਆਂ ਸਹੀ ਤਰਾਂ ਡਿਊਟੀ ਨਹੀਂ ਨਿਭਾਅ ਰਹੇ।
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਣਗਹਿਲੀ ਕਰਨ ਵਾਲੇ ਅਫਸਰਾਂ ਖਿਲਾਫ ਸਖਤ ਕਦਮ ਚੁੱਕਿਆ ਹੈ। ਅੱਜ ਖੇਤੀ ਮੰਤਰੀ ਨੇ ਲੰਮੇ ਸਮੇਂ ਤੋਂ ਡਿਊਟੀ ਤੋਂ ਗੈਰ ਹਾਜਰ ਚੱਲ ਰਹੇ 5 ਵੈਟਰਨਰੀ ਅਫਸਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਖੇਤੀ ਮੰਤਰੀ ਨੇ ਕਿਹਾ ਕਿ ਡਿਊਟੀ ਨਾ ਨਿਭਾਉਣ ਵਾਲੇ ਅਫਸਰਾਂ ਜਾਂ ਮੁਲਾਜ਼ਮਾਂ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜ ਵੈਟਰਨਰੀ ਅਫਸਰ ਡਾ. ਗੁਰਪ੍ਰੀਤ ਸਿੰਘ, ਡਾ. ਅਨੁਪ੍ਰੀਤ ਕੌਰ, ਡਾ. ਅਰਸ਼ਦੀਪ ਸਿੰਘ, ਡਾ. ਜਗਦੀਪ ਸਿੰਘ ਅਤੇ ਡਾ. ਹਰਮਨਪ੍ਰੀਤ ਸਿੰਘ ਬੱਲ ਪਿਛਲੇ ਲੰਮੇਂ ਤੋਂ ਆਪਣੀ ਡਿਊਟੀ ਤੋਂ ਗੈਰਹਾਜਰ ਚੱਲ ਰਹੇ ਸਨ। ਇਸ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਖੇਤੀ ਮੰਤਰੀ ਨੇ ਇਨ੍ਹਾ ਅਫਸਰਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਇਨ੍ਹਾਂ ਆਦੇਸ਼ਾਂ ਅਨੁਸਾਰ ਹੀ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਇਨ੍ਹਾਂ ਪੰਜਾਂ ਵੈਟਰਨਰੀ ਅਫਸਰਾਂ ਬਰਖਾਸਤ ਕਰ ਦਿੱਤਾ। ਉਨ੍ਹਾਂ ਨੇ ਬਾਕੀ ਅਫਸਰਾਂ ਤੇ ਮੁਲਾਜ਼ਮਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਡਿਊਟੀ ਤੋਂ ਅਣਗਹਿਲੀ ਕਰਨ ਵਾਲੇ ਹਰ ਮੁਲਾਜ਼ਮ ਜਾਂ ਅਫਸਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।