ਚੰਡੀਗੜ੍ਹ, 20 ਨਵੰਬਰ : ਪੰਜਾਬੀ ਸਰਕਾਰ ਨੇ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਸਿਲਸਲੇ ਵਿਚ ਅੱਜ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨਾਲ ਇਕ ਸਮਝੌਤਾ ਕੀਤਾ। ਇਸ ਸਮਝੌਤੇ ਅਧੀਨ ਹਰ ਸਾਲ 200 ਨੌਜਵਾਨਾਂ ਨੂੰ ਮੈਡੀਕਲ ਦੇ ਵੱਖ ਵੱਖ ਖੇਤਰਾਂ ਦੀ ਸਿਖਲਾਈ ਦਿੱਤੀ ਜਾਇਆ ਕਰੇਗੀ।
ਪੰਜਾਬ ਦੇ ਰੋਜਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਮੈਡੀਕਲ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ ਕੀਤਾ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਪੀ ਐਸ ਡੀ ਐਮ ਦੀ ਮਿਸ਼ਨ ਡਾਇਰੈਕਟਰ ਮਿਸ ਅੰਮ੍ਰਿਤਾ ਸਿੰਘ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਹਾਜਰ ਸਨ। ਇਨ੍ਹਾਂ ਸਾਰੇ ਅਧਿਕਾਰੀਆਂ ਨੇ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਸਮਝੌਤੇ ਅਧੀਨ ਹੋਮ ਹੈਲਥ ਏਡ, ਉਪਰੇਟਿੰਗ ਥੀਏਟਰ ਟੈਕਨੀਸ਼ੀਅਨ, ਸੀ.ਟੀ. ਅਤੇ ਐਮ ਆਰ ਆਈ ਆਦਿ ਟੈਸਟਾਂ ਵਿਚ ਸਿਖਲਾਈ ਕੋਰਸ ਕਰਵਾਏ ਜਾਣਗੇ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਹਰ ਸਾਲ 200 ਨੌਜਵਾਨਾਂ ਨੂੰ ਇਹ ਕੋਰਸ ਕਰਵਾਏ ਜਾਇਆ ਕਰਨਗੇ। ਇਨ੍ਹਾਂ ਕੋਰਸਾਂ ਨਾਲ ਵਿਦਿਆਰਥੀਆਂ ਵਿਚ ਹੁਨਰ ਵਿਕਾਸ ਹੋਵੇਗਾ ਅਤੇ ਉਹ ਵੱਖ ਵੱਖ ਖੇਤਰਾਂ ਵਿਚ ਚੰਗੀਆਂ ਪ੍ਰਾਪਤੀਆਂ ਕਰ ਸਕਣਗੇ। ਇਸ ਨਾਲ ਬੇਰੁਜਗਾਰੀ ਨੂੰ ਵੀ ਨੱਥ ਪਵੇਗੀ। ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਭਾਗ ਵਲੋਂ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਲੇਸਮੈਂਟ ਦੀ ਸਹੂਲਤ ਵੀ ਦਿੱਤੀ ਜਾਵੇਗੀ।