
ਰੂਪਨਗਰ, 23 ਅਗਸਤ: ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੋਪੜ ਹੈੱਡਵਰਕਸ ਉੱਤੇ ਵੱਡੀ ਮਾਤਰਾ ਵਿੱਚ ਉਦਯੋਗਿਕ ਕੂੜਾ ਕਰਕਟ, ਰਹਿੰਦ ਖੂਹੰਦ ਸਮੇਤ ਹੋਰ ਪਲਾਸਟਿਕ ਖੜਾ ਹੋਣ ਦਾ ਸਖ਼ਤ ਨੋਟਿਸ ਲੈਣ ਕਰਕੇ ਸਤਲੁਜ ਦਾ ਪਾਣੀ ਦੂਸ਼ਿਤ ਕਰਨ ਵਾਲੇ ਹਿਮਾਚਲ ਦੇ ਉਦਯੋਗ ਖਿਲਾਫ ਪੁਲਿਸ ਵਲੋਂ ਪਹਿਲੀ ਵਾਰ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਅੱਜ ਰੋਪੜ ਹੈੱਡਵਰਕਸ ਵਿਖੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਨੇ ਕਿਹਾ ਕਿ ਰੋਪੜ ਤੋਂ ਪਹਿਲਾਂ ਪੰਜਾਬ ਵਿੱਚ ਕੋਈ ਵੀ ਉਦਯੋਗਿਕ ਕੇਂਦਰ ਨਹੀਂ ਹੈ ਜਦਕਿ ਹਿਮਾਚਲ ਪ੍ਰਦੇਸ਼ ਦੇ ਭੱਦੀ ਦੇ ਇਲਾਕੇ ਵਿੱਚ ਸਿਰਸਾ ਨਦੀ ਦੇ ਨਾਲ ਅਤੇ ਕਈ ਹੋਰ ਥਾਵਾਂ ਵਿਖੇ ਵੱਡੀ ਗਿਣਤੀ ਵਿੱਚ ਛੋਟੇ ਵੱਡੇ ਉਦਯੋਗ ਸਥਾਪਿਤ ਹਨ। ਇਹ ਉਦਯੋਗ ਮਾਨਸੂਨ ਦੌਰਾਨ ਵਰਖਾ ਦੀ ਆੜ ਵਿਚ ਆਪਣਾ ਸਾਰਾ ਜ਼ਹਿਰੀਲਾ ਰਸਾਇਣ, ਰਹਿੰਦ ਖੂਹੰਦ, ਕੂੜਾ ਕਰਕਟ ਅਤੇ ਪਲਾਸਟਿਕ ਆਦਿ ਨਦੀਆਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਸਤਲੁਜ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।
ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਸਵੇਰੇ ਪ੍ਰਸਾਸ਼ਨ ਨੂੰ ਮੌਕੇ ਤੇ ਬੁਲਾ ਕੇ ਕਾਨੂੰਨੀ ਕਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਐਫ ਆਈ ਆਰ ਰੋਪੜ ਸਿਟੀ ਥਾਣੇ ਵਿਚ ਦਰਜ ਕੀਤਾ ਗਿਆ ਹੈ।
ਵਿਧਾਇਕ ਨੇ ਕਿਹਾ ਕਿ ਰੋਪੜ ਹੈੱਡਵਰਕਸ ਦੇ ਨੇੜੇ ਸਤਲੁਜ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਕੂੜਾ ਅਤੇ ਉਦਯੋਗਿਕ ਸਮੱਗਰੀ ਆ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਪੰਜਾਬ ਦੀ ਹੱਦ ਵਿੱਚ ਇਸ ਤਰਾਂ ਦਾ ਪ੍ਰਦੂਸ਼ਣ ਕਰਨ ਵਾਲੀ ਕੋਈ ਸਨਅਤ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਸਰਸਾ ਅਤੇ ਹੋਰ ਬਰਸਾਤੀ ਨਦੀਆਂ ਰਾਹੀਂ ਇਹ ਸਾਰਾ ਪ੍ਰਦੂਸ਼ਿਤ ਵਸਤੂਆਂ ਸਤਲੁਜ ਦੇ ਪਾਣੀ ਵਿੱਚ ਪਹੁੰਚ ਰਹੀਆਂ ਹਨ ਜੋ ਕਿ ਇਕ ਅਤਿ ਗੰਭੀਰ ਮਾਮਲਾ ਹੈ।
ਉਨ੍ਹਾਂ ਕਿਹਾ ਕਿ ਜੋ ਪੁਲਿਸ ਵਲੋਂ ਮੌਕੇ ਉੱਤੇ ਕੀਤੀ ਗਈ ਤਫ਼ਤੀਸ਼ ਦੋਰਾਨ ਕੂੜੇ ਵਿੱਚੋ ਇੱਕ ਥਰਮੋਕੋਲ ਬੋਰਡ ਜਿਸ ਉੱਤੇ ਐਸ ਐਸ ਐਫ ਲਿਖਿਆ ਮਿਲਿਆ ਹੈ। ਜਿਸ ਦੀ ਜਾਂਚ ਕਰਨ ਉਪਰੰਤ ਪਤਾ ਲੱਗਾ ਹੈ ਕਿ ਐਸ ਐਸ ਐਫ, ਬੱਦੀ (ਹਿਮਾਚਲ ਪ੍ਰਦੇਸ਼) ਸਥਿਤ ਫਰਮ ਹੈ। ਜਿਸ ਨਾਲ ਮੌਕੇ ਉੱਤੇ ਮੁੱਢਲੇ ਤੱਥਾ ਤੋਂ ਸਪੱਸ਼ਟ ਹੁੰਦਾ ਹੈ ਕਿ ਬੱਦੀ/ਨਾਲਾਗੜ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਉਦਯੋਗਾਂ ਵੱਲੋ ਹੀ ਉਦਯੋਗਿਕ, ਕੂੜਾ ਕਰਕਟ ਅਤੇ ਰਹਿੰਦ ਖੂਹੰਦ ਸਰਸਾ ਅਤੇ ਹੋਰ ਬਰਸਾਤੀ ਨਦੀਆਂ ਵਿੱਚ ਸੁੱਟਿਆ ਗਿਆ ਹੈ ਜੋ ਕਿ ਅੱਗੇ ਆ ਕੇ ਸਤਲੁਜ ਦਰਿਆ ਵਿੱਚ ਮਿਲ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੱਦੀ/ਨਾਲਾਗੜ ਦੇ ਨਾ ਮਾਲੂਮ ਫੈਕਟਰੀ ਮਾਲਕਾਂ ਖਿਲਾਫ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾਵੇਗੀ ਕਿ ਕੈਮੀਕਲ ਵੇਸਟੇਜ ਕਿਸ ਵੱਲੋ ਸਤਲੁਜ ਦਰਿਆ ਵਿੱਚ ਸੁੱਟਿਆ ਗਿਆ ਹੈ।
ਉਨ੍ਹਾਂ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਾਮਲਾ ਸਾਹਮਣੇ ਆਉਂਦਿਆਂ ਹੀ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸ. ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਟੀਮ ਸਮੇਤ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਾਰਵਾਈ ਕਰਵਾਉਣ ਦੇ ਨਾਲ-ਨਾਲ ਇਸ ਮਾਮਲੇ ਵਿੱਚ ਅਪਰਾਧਿਕ ਕਾਰਵਾਈ ਕਰਦੇ ਹੋਏ ਬੀ ਐਨ ਐਸ ਦੀ ਧਾਰਾ 270, 271, 279, 280 ਅਤੇ ਸੈਕਸ਼ਨ 24, 43 ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ) ਐਕਟ ਐਂਡ ਸੈਕਸ਼ਨ 07 ਇਨਵਾਇਰਮੈਂਟਲ (ਪ੍ਰੋਟੈਕਸ਼ਨ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਨੂੰ ਕੂੜੇ ਅਤੇ ਰਸਾਇਣਕ ਪਦਾਰਥਾਂ ਦਾ ਡੰਪ ਬਣਨ ਤੋਂ ਰੋਕਣਾ ਬਹੁਤ ਜ਼ਰੂਰੀ ਹੈ। ਪੁਲਿਸ ਵੱਲੋਂ ਮੌਕੇ ਦੀ ਵੀਡੀਓਗ੍ਰਾਫ਼ੀ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਹਿਮਾਚਲ ਦੀ ਸਨਅਤ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨਾ ਕੁਦਰਤ ਨਾਲ ਖਿਲਵਾੜ ਕਰਨਾ ਹੈ। ਇਹ ਪਾਣੀ ਨਹਿਰਾਂ ਰਾਹੀਂ ਲੋਕਾਂ ਤੱਕ ਪਹੁੰਚਦਾ ਹੈ ਅਤੇ ਰੋਪੜ ਸਮੇਤ ਹਰਿਆਣਾ ਅਤੇ ਰਾਜਸਥਾਨ ਵਿਖੇ ਪੀਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਆਪਣੀ ਸਨਅਤ ਨੂੰ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਸਖ਼ਤੀ ਕਿਉਂ ਨਹੀਂ ਕਰ ਰਹੀ।
ਵਿਧਾਇਕ ਚੱਢਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਿਮਾਚਲ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਆਪਣੀ ਸਨਅਤ ਨੂੰ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਵਿੱਚ ਅਸਫਲ ਰਹਿੰਦੀ ਹੈ ਤਾਂ ਉਸ ਦੀ ਵੀ ਜਵਾਬਦੇਹੀ ਬਣਦੀ ਹੈ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਕੋਈ ਨਵਾਂ ਰੁਝਾਨ ਨਹੀਂ ਹੈ, ਸਗੋਂ ਇਹ ਕੰਮ ਸਾਲਾਂ ਤੋਂ ਚੱਲ ਰਿਹਾ ਹੈ। ਅੱਜ ਤੱਕ ਇਸ ਤਰ੍ਹਾਂ ਦੀ ਪਹਿਲਾਂ ਕੋਈ ਅਪਰਾਧਿਕ ਕਾਰਵਾਈ ਨਹੀਂ ਹੋਈ ਅਤੇ ਇਸੇ ਕਰਕੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਬਣਦੀ ਸਖ਼ਤ ਕਾਰਵਾਈ ਹੋਵੇ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਕਾਨੂੰਨ ਵਿੱਚ ਵੱਡੇ ਪੱਧਰ ’ਤੇ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਐਨ.ਜੀ.ਟੀ. ਦੇ ਹੁਕਮ ਸਿਰਫ਼ ਇੱਕ ਦਿਨ ਦੀ ਖ਼ਬਰ ਬਣ ਕੇ ਰਹਿ ਜਾਂਦੇ ਹਨ, ਜਦਕਿ ਉਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਆਪਣੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਨ.ਜੀ.ਟੀ. ਵਿੱਚ ਛੇ ਸੌ ਕਰੋੜ ਰੁਪਏ ਦੀਆਂ ਰਿਕਵਰੀਆਂ ਪਈਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਵਸੂਲੀ ਲਈ ਢੁੱਕਵੀਂ ਕਾਰਵਾਈ ਨਹੀਂ ਹੋ ਰਹੀ।