ਚੰਡੀਗੜ੍ਹ, 10 ਜਨਵਰੀ : ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਦੁਨੀਆਂ ਭਰ ਵਿਚੋਂ ਆਏ ਵੱਖ ਵੱਖ ਕੰਪਨੀਆਂ ਦੇ 40 ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੱਦਾ ਦਿੱਤਾ ਕਿ ਪੰਜਾਬ ਵਿਚ ਨਿਵੇਸ਼ ਕੰਪਨੀਆਂ ਨੂੰ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ ‘ਤੇ ਵਪਾਰ ਤੇ ਕਾਰੋਬਾਰ ਦੀਆਂ ਬੇਹੱਦ ਸੰਭਾਵਨਾਵਾਂ ਹਨ।
ਕੇਂਦਰ ਸਰਕਾਰ ਵਲੋਂ ਕਰਵਾਏ ਜਾ ਰਹੇ ਅੱਠਵੇਂ ਇੰਡਸ ਫੂਡ ਮੇਲੇ ਦੌਰਾਨ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਾਣਿਆ ਬਾਰੇ ਪੂਰੀ ਦੁਨੀਆਂ ਦੇ ਲੋਕਾਂ ਵਿਚ ਉਤਸੁਕਤਾ ਹੁੰਦੀ ਹੈ ਅਤੇ ਪੰਜਾਬ ਦੇ ਸ਼ਵਾਦਿਸਟ ਖਾਣਿਆਂ ਬਾਰੇ ਸਾਰੀ ਦੁਨੀਆਂ ਜਾਣਦੀ ਹੈ। ਪੰਜਾਬ ਸਰਕਾਰ ਦੇ ਯਤਨਾਂ ਨਾਲ ਵੇਰਕਾ, ਸੋਹਣਾ, ਫਾਈਵ ਰਿਵਰਜ਼ ਅਤੇ ਹੋਰ ਬਰਾਂਡਾਂ ਦੀ ਪੂਰੀ ਦੁਨੀਆਂ ਵਿਚ ਪਹਿਚਾਣ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਦੁਨੀਆਂ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ, ਉਵੇਂ ਉਵੇਂ ਹੀ ਪੰਜਾਬ ਦੇ ਬਣੇ ਉਤਪਾਦਾਂ ਦੀ ਮੰਗ ਪੂਰੀ ਦੁਨੀਆਂ ਵਿਚ ਵਧ ਰਹੀ ਹੈ। ਪੰਜਾਬ ਦੇ ਖਾਣਿਆਂ ਨੂੰ ਪੂਰੀ ਦੁਨੀਆਂ ਦੇ ਲੋਕ ਖਰੀਦਣਾ ਪਸੰਦ ਕਰਨ ਲੱਗੇ ਹਨ। ਇਸ ਲਈ ਜੇਕਰ ਕੌਮਾਂਤਰੀ ਕੰਪਨੀਆਂ ਪੰਜਾਬ ਵਿਚ ਉਦਯੋਗ ਸਥਾਪਿਤ ਕਰਨ ਤਾਂ ਉਹ ਇਥੋਂ ਭਾਰੀ ਮੁਨਾਫਾ ਵੀ ਕਮਾ ਸਕਦੀਆਂ ਹਨ ਅਤੇ ਇਸ ਨਾਲ ਪੰਜਾਬ ਦਾ ਸਰਵ ਪੱਖੀ ਵਿਕਾਸ ਵੀ ਹੋਵੇਗਾ।
ਕੈਬਨਿਟ ਮੰਤਰੀ ਨੇ ਮੀਟਿੰਗ ਤੋਂ ਬਾਅਦ ਕੈਨੇਡਾ, ਆਸਟਰੇਲੀਆ, ਚੀਨ ਅਤੇ ਅਮਰੀਕਾ ਦੇ ਨਿਵੇਸ਼ਕਾਂ ਨਾਲ ਵੱਖਰੇ ਤੌਰ ‘ਤੇ ਵੀ ਗੱਲਬਾਤ ਕੀਤੀ।