Sunday, March 23Malwa News
Shadow

ਕੇਜਰੀਵਾਲ ਦੀ ਵਿਧਾਇਕਾਂ ਨਾਲ ਮੀਟਿੰਗ ਪਿਛੋਂ ਭਗਵੰਤ ਮਾਨ ਦਾ ਵੱਡਾ ਬਿਆਨ

ਨਵੀਂ ਦਿੱਲੀ, 11 ਫਰਵਰੀ : ਦਿੱਲੀ ਵਿਧਾਨ ਸਭਾ ਚੋਣਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਦਿੱਲੀ ਸਥਿਤ ਪੰਜਾਬ ਦੇ ਮੁੱਖ ਮੰਤਰੀ ਦੇ ਕਪੂਰਥਲਾ ਹਾਊਸ ਵਿੱਚ ਇਹ ਮੀਟਿੰਗ ਅੱਧੇ ਘੰਟੇ ਚੱਲੀ।
ਮੀਟਿੰਗ ਵਿੱਚ ਦਿੱਲੀ ਚੋਣਾਂ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ “ਅਸੀਂ ਦਿੱਲੀ ਵਿੱਚ ਮਜ਼ਬੂਤੀ ਨਾਲ ਲੜਾਈ ਲੜੀ ਹੈ। ਪੈਸਾ, ਬੇਈਮਾਨੀ ਅਤੇ ਗੁੰਡਾਗਰਦੀ ਨਾਲ ਕੋਈ ਜਿੱਤ ਵੀ ਗਿਆ ਤਾਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਹੈ। ਸਾਨੂੰ ਹੋਰ ਮਜ਼ਬੂਤ ਹੋ ਕੇ ਅਗਲੀ ਚੋਣ ਲੜਨੀ ਹੈ।” ਕੇਜਰੀਵਾਲ ਨੇ ਵਿਧਾਇਕਾਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨ ਲਈ ਕਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਅਜਿਹਾ ਮਾਡਲ ਸਟੇਟ ਬਣਾ ਦੇਵਾਂਗੇ ਕਿ ਇਸ ਨੂੰ ਪੂਰਾ ਦੇਸ਼ ਦੇਖੇਗਾ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ – “ਦਿੱਲੀ ਚੋਣਾਂ ਵਿੱਚ ਗੁੰਡਾਗਰਦੀ ਅਤੇ ਪੈਸਾ ਚੱਲਿਆ। ਸਾਨੂੰ ਹਰ ਘੰਟੇ ਚੋਣ ਕਮਿਸ਼ਨ ਕੋਲ ਜਾਣਾ ਪਿਆ। ਉਨ੍ਹਾਂ ਨੂੰ ਦੱਸਣਾ ਪੈਂਦਾ ਸੀ ਕਿ ਜੈਕਟ ਵੰਡ ਰਹੇ ਹਨ, ਪੈਸਾ ਵੰਡ ਰਹੇ ਹਨ।”
ਮਾਨ ਨੇ ਕਾਂਗਰਸ ਦੇ ਵਿਧਾਇਕਾਂ ਦੇ ਪਾਰਟੀ ਬਦਲਣ ਅਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਦੇ ਦੋਸ਼ ‘ਤੇ ਹੱਸਦਿਆਂ ਕਿਹਾ – “ਵਿਰੋਧੀ ਧਿਰ ਪੌਣੇ 3 ਸਾਲ ਤੋਂ ਅਜਿਹਾ ਬੋਲ ਰਹੀ ਹੈ। ਉਨ੍ਹਾਂ ਤੋਂ ਪੁੱਛ ਲਓ, ਦਿੱਲੀ ਵਿੱਚ ਉਨ੍ਹਾਂ ਦੇ ਕਿੰਨੇ ਵਿਧਾਇਕ ਹਨ? ਉਹ ਤਾਂ ਸ਼ੁਰੂ ਤੋਂ ਕਹਿ ਰਹੇ ਹਨ ਕਿ 30 ਆ ਰਹੇ ਹਨ, 40 ਆ ਰਹੇ ਹਨ। ਅਸੀਂ ਆਪਣੇ ਖੂਨ ਪਸੀਨੇ ਨਾਲ ਪਾਰਟੀ ਬਣਾਈ ਹੈ। ਇਨ੍ਹਾਂ ਨੂੰ ਬੋਲਣ ਦਿਓ। ਉਨ੍ਹਾਂ ਕੋਲ ਪਾਰਟੀਆਂ ਬਦਲਣ ਦਾ ਕਲਚਰ ਹੈ। ਸਾਡੇ ਇੱਥੇ ਅਜਿਹਾ ਨਹੀਂ ਹੈ।”
ਇਸ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ AAP ਦੇ ਵਿਧਾਇਕਾਂ ਨੇ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਮੀਟਿੰਗ ਦਾ ਏਜੰਡਾ ਨਹੀਂ ਦੱਸਿਆ ਗਿਆ ਸੀ। ਪਰ, ਇੰਨਾ ਤੈਅ ਹੈ ਕਿ ਨਾ ਤਾਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾਵੇਗਾ ਅਤੇ ਨਾ ਹੀ ਕੋਈ ਵਿਧਾਇਕ ਟੁੱਟੇਗਾ।

Basmati Rice Advertisment