
ਅੰਮ੍ਰਿਤਸਰ, 11 ਫਰਵਰੀ : ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਜਾਂਚ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਆਉਣ ਤੋਂ ਹੀ ਮਨ੍ਹਾ ਕਰ ਦਿੱਤਾ। ਇੰਨਾ ਹੀ ਨਹੀਂ, ਜਾਂਚ ਕਮੇਟੀ ਨੇ ਪਰਿਵਾਰਕ ਮਾਮਲਿਆਂ ਦੀ ਜਾਂਚ ਦੇ ਨਾਲ-ਨਾਲ ਗਿਆਨੀ ਹਰਪ੍ਰੀਤ ਸਿੰਘ ‘ਤੇ ਕਈ ਹੋਰ ਦੋਸ਼ ਵੀ ਲਾਏ ਹਨ।
ਉੱਥੇ ਹੀ, ਬੀਤੇ ਦਿਨ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੱਥੇਦਾਰ ਰਹਿੰਦੇ ਹੋਏ ਉਨ੍ਹਾਂ ਦਾ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਸਹੀ ਨਹੀਂ ਹੈ। ਉਨ੍ਹਾਂ ਨੇ ਬੀਤੇ ਦਿਨ ਹੀ ਜਾਂਚ ਕਮੇਟੀ ‘ਤੇ ਦੋਸ਼ ਲਾਏ ਸਨ ਕਿ 2 ਦਸੰਬਰ ਨੂੰ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਹਟਾਏ ਜਾਣ ਦੀ ਸਕ੍ਰਿਪਟ ਤਿਆਰ ਹੋ ਚੁੱਕੀ ਸੀ। ਪਰ, ਦੂਜੇ ਪਾਸੇ ਜਾਂਚ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਰਿਪੋਰਟ ਵਿੱਚ ਉਨ੍ਹਾਂ ‘ਤੇ ਕਈ ਹੋਰ ਦੋਸ਼ ਵੀ ਲਾ ਦਿੱਤੇ ਹਨ। ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣਾ ਸਪੱਸ਼ਟੀਕਰਨ ਜਾਂ ਪੱਖ ਰੱਖਦੇ ਸਮੇਂ 15 ਮਿੰਟ ਕੀਰਤਨ ਰੁਕਵਾਉਣਾ, ਰਾਘਵ ਚੱਢਾ ਦੀ ਮੰਗਣੀ ਅਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੀ ਸ਼ਾਦੀ ਵਿੱਚ ਜਾਣਾ ਪ੍ਰਮੁੱਖ ਹੈ। ਕਮੇਟੀ ਦਾ ਦੋਸ਼ ਹੈ ਕਿ ਅਜਿਹਾ ਕਰਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ।
ਦਰਅਸਲ, ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ ਇਲਜ਼ਾਮ ਲਾਏ ਸਨ। ਇਨ੍ਹਾਂ ਵਿੱਚੋਂ ਕੁਝ ਦੋਸ਼ਾਂ ਨੂੰ ਕਮੇਟੀ ਨੇ ਸਹੀ ਮੰਨਿਆ। ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ, ਜੋ ਪਤਿਤ ਸਿੱਖ ਹਨ, ਦੇ ਅਨੰਦ ਕਾਰਜ (ਸਿੱਖ ਮਰਯਾਦਾ ਅਨੁਸਾਰ ਵਿਆਹ) ਵਿੱਚ ਅਰਦਾਸ ਕੀਤੀ ਸੀ। ਇਸ ਦੇ ਨਾਲ ਹੀ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਸਗਾਈ ਦੇ ਸਮੇਂ ਸਾਰੇ ਪਾਰਟੀ ਲੀਡਰਾਂ ਦੀਆਂ ਗੱਡੀਆਂ ਅੰਦਰ ਜਾ ਰਹੀਆਂ ਸਨ, ਪਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਗੱਡੀ ਸਿਕਿਓਰਿਟੀ ਵੱਲੋਂ ਚੈੱਕ ਕਰਨਾ, ਉਨ੍ਹਾਂ ਦਾ ਪੈਦਲ ਚੱਲ ਕੇ ਅੰਦਰ ਜਾਣਾ ਅਤੇ ਉੱਥੇ ਫਿਲਮ ਹੀਰੋਇਨਾਂ ਨੂੰ ਮਿਲਣਾ ਜੱਥੇਦਾਰ ਦੇ ਅਹੁਦੇ ‘ਤੇ ਹੋ ਕੇ ਅਜਿਹਾ ਕਰਨਾ ਸਿੱਖਾਂ ਦੀ ਮਰਯਾਦਾ ਨੂੰ ਠੇਸ ਪਹੁੰਚਾਉਣਾ ਹੈ ਅਤੇ ਇਹ ਸਹੀ ਨਹੀਂ ਹੈ।
ਕਮੇਟੀ ਨੇ ਪੰਜ ਪਿਆਰਿਆਂ ਨਾਲ ਵੀ ਮੁਲਾਕਾਤ ਕੀਤੀ ਹੈ। ਜਿਸ ਵਿੱਚ ਪੰਜ ਪਿਆਰਿਆਂ ਨੇ ਸਪੱਸ਼ਟ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ 18 ਦਸੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਕੀਰਤਨ ਨੂੰ 15 ਮਿੰਟ ਲਈ ਰੁਕਵਾਇਆ ਸੀ ਅਤੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਇਸ ਤਰ੍ਹਾਂ ਨਾਲ ਉਨ੍ਹਾਂ ਦਾ ਤਖ਼ਤ ਸਾਹਿਬ ‘ਤੇ ਸਪੱਸ਼ਟੀਕਰਨ ਦੇਣਾ ਗਲਤ ਹੈ। ਇਸ ‘ਤੇ ਚਰਚਾ ਲਈ ਹੀ ਕਮੇਟੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਬੁਲਾਇਆ ਗਿਆ।