
ਨਵੀਂ ਦਿੱਲੀ, 31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਕੋਂਡਲੀ, ਰੋਹਤਾਸ ਨਗਰ ਅਤੇ ਗੋਕਲਪੁਰ ਵਿੱਚ ਤਿੰਨ ਰੋਡ ਸ਼ੋ ਕੀਤੇ ਅਤੇ ਬਦਰਪੁਰ ਵਿੱਚ ਦੋ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਾਰਦਰਸ਼ੀ ਸ਼ਾਸਨ, ਵਿਕਾਸ ਅਤੇ ਜਵਾਬਦੇਹੀ ਦੀ ਵਚਨਬੱਧਤਾ ਕਾਰਨ ਲੋਕ ਅੱਜ ਆਪ ਦੀ ਸਰਕਾਰ ਹੀ ਚਾਹੁੰਦੇ ਹਨ। ਦੂਜੇ ਪਾਸੇ ਹੁਣ ਲੋਕ ਭਾਜਪਾ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ।
ਕੋਂਡਲੀ ਵਿੱਚ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰਿਆਂ ‘ਤੇ ਚੋਣ ਕਮਿਸ਼ਨ ਵਲੋਂ ਭਾਜਪਾ ਦੀ ਉਲੰਘਣਾ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਪੈਸੇ, ਜੈਕਟ, ਜੁੱਤੇ ਅਤੇ ਸਾੜੀਆਂ ਵੰਡ ਰਹੇ ਹਨ, ਪਰ ਚੋਣ ਕਮਿਸ਼ਨ ਨੇ ਇਸ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਰੋਹਤਾਸ ਨਗਰ ਵਿੱਚ, ਮਾਨ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਦੇ ਵਿਕਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਫਿਰ ਕੇਜਰੀਵਾਲ ਨੂੰ ਲਿਆਉਣਾ ਚਾਹੁੰਦੇ ਹਨ। ਬਦਰਪੁਰ ਵਿੱਚ, ਮਾਨ ਨੇ ਮਹਾਕੁੰਭ ਵਿੱਚ ਭਗਦੜ ਵਿੱਚ ਮਾਰੇ ਗਏ ਲੋਕਾਂ ਲਈ ਮੌਨ ਸ਼ਧਾਂਜਲੀ ਦਿੱਤੀ।
ਉਨ੍ਹਾਂ ਨੇ ਦਿੱਲੀ ਦੀ ਵਿਭਿੰਨਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਜਪਾ ਦੀ ਜਾਤੀ ਅਤੇ ਧਾਰਮਿਕ ਰਾਜਨੀਤਿ ਇੱਥੇ ਨਹੀਂ ਚੱਲ ਸਕਦੀ। ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਸਫਲਤਾਵਾਂ ‘ਤੇ ਵੀ ਚਰਚਾ ਕੀਤੀ, ਜਿਵੇਂ ਕਿ 850 ਮੋਹੱਲਾ ਕਲੀਨਿਕ ਅਤੇ 90 ਪ੍ਰਤੀਸ਼ਤ ਘਰਾਂ ਵਿੱਚ ਮੁਫਤ ਬਿਜਲੀ। ਉਨ੍ਹਾਂ ਨੇ ਭਾਜਪਾ ‘ਤੇ ਵੋਟਰਾਂ ਨੂੰ ਪੈਸੇ ਅਤੇ ਚੀਜ਼ਾਂ ਦੇ ਕੇ ਚੋਣ ਵਿੱਚ ਧੋਖਾਧੜੀ ਕਰਨ ਦਾ ਦੋਸ਼ ਲਗਾਇਆ।