
ਨਵੀਂ ਦਿੱਲੀ 18 ਅਕਤੂਬਰ : ਪੰਜਾਬ ਅਧਿਆਪਕਾਂ ਦੇ ਇਕ ਵਫਦ ਨੂੰ ਟਰੇਨਿੰਗ ਲਈ ਫਿਨਲੈਂਡ ਲਈ ਰਵਾਨਾਂ ਕਰਨ ਤੋਂ ਪਹਿਲਾਂ ਅੱਜ ਪੰਜਾਬ ਭਵਨ ਦਿੱਲੀ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਜਿਹੀ ਟਰੇਨਿੰਗ ਲੈ ਕੇ ਆਉਣ ਕਿ ਪੰਜਾਬ ਦੇ ਸਕੂਲਾਂ ਨੂੰ ਵੀ ਦੁਨੀਆਂ ਦੇ ਪੱਧਰ ਦਾ ਬਣਾਇਆ ਜਾ ਸਕੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਦਾ ਪ੍ਰਬੰਧ ਸੁਧਾਰ ਕੀਤਾ ਹੈ। ਹੁਣ ਪੰਜਾਬ ਦੇ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਇਥੋਂ ਦੇ ਪ੍ਰਾਈਵੇਟ ਸਕੂਲਾਂ ਦੇ ਪੱਧਰ ਦਾ ਬਣ ਚੁੱਕਾ ਹੈ। ਹੁਣ ਲੋਕ ਆਪਣੇ ਬੱਚਿਆਂਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲੱਗੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਵਿਚ ਵੀ ਮਾਪੇ ਅਧਿਆਪਕ ਮਿਲਣੀ ਸ਼ੁਰੂ ਕੀਤੀ। ਬੱਚਿਆਂ ਦੇ ਟੈਲੈਂਟ ਨੂੰ ਨਿਖਾਰਣ ਲਈ ਅਧਿਆਪਕਾਂ ਦੇ ਟੈਲੇਂਟ ਨੂੰ ਵੀ ਨਿਖਾਰਨਾ ਪਵੇਗਾ। ਇਸੇ ਲਈ ਹੀ ਅੱਜ ਅਸੀਂ ਅਧਿਆਪਕਾਂ ਦਾ ਇਕ ਵਫਦ ਫਿਨਲੈਂਡ ਭੇਜ ਰਹੇ ਹਾਂ। ਉਥੇ ਯੂਨੀਵਰਸਿਟੀ ਵਲੋਂ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਸਿਖਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਇਕ ਪਿੰਡ ਦਾ ਰੂਪ ਧਾਰ ਗਈ ਹੈ। ਦੁਨੀਆਂ ਵਿਚ ਵੱਖ ਵੱਖ ਤਰਾਂ ਦੀਆਂ ਤਕਨੀਕਾਂ ਆ ਰਹੀਆਂ ਹਨ, ਸਾਰੀਆਂ ਸਿੱਖਣੀਆਂ ਚਾਹੀਦੀਆਂ ਹਨ। ਅਸੀਂ ਪਹਿਲਾਂ ਅਧਿਆਪਕਾਂ ਨੂੰ ਸਿੰਘਾਪੁਰ ਭੇਜਿਆ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦਾ ਪੱਧਰ ਵੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦਾ ਹੋ ਜਾਵੇਗਾ। ਭਾਵੇਂ ਕੋਈ ਮਾਪੇ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਲੈਣ ਭਾਵੇਂ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਲੈਣ, ਹਰ ਥਾਂ ਵਿਦਿਆ ਦਾ ਪੱਧਰ ਇਕੋ ਜਿਹਾ ਹੀ ਹੋਵੇਗਾ। ਇਸੇ ਤਰਾਂ ਹਸਪਤਾਲਾਂ ਦੇ ਪ੍ਰਬੰਧਾਂ ਵਿਚ ਵੀ ਸੁਧਾਰ ਲਿਆਵਾਂਗੇ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਕੋ ਜਿਹਾ ਇਲਾਜ ਹੋਵੇਗਾ।