
ਅੰਮ੍ਰਿਤਸਰ, 15 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਆਉਣ ਵਾਲੇ ਫੌਜੀ ਜਹਾਜ ਨੂੰ ਵਾਰ ਵਾਰ ਅੰਮ੍ਰਿਤਸਰ ਦੀ ਧਰਤੀ ‘ਤੇ ਉਤਾਰ ਕੇ ਪੰਜਾਬ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਮੁੱਖ ਮੰਤਰੀ ਅੱਜ ਰਾਤ ਨੂੰ ਅੰਮ੍ਰਿਤਸਰ ਵਿਖੇ ਉੱਤਰਨ ਵਾਲੇ ਅਮਰੀਕਾ ਦੇ ਫੌਜੀ ਜਹਾਜ ਵਿਚ ਆ ਰਹੇ ਭਾਰਤੀਆਂ ਦੇ ਸਵਾਗਤ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੱਲ੍ਹ ਦੀ ਉਨ੍ਹਾਂ ਦੀ ਚੇਤਾਵਨੀ ਦਾ ਇੰਨਾ ਕੁ ਅਸਰ ਤਾਂ ਹੋਇਆ ਹੈ ਕਿ ਕੇਂਦਰ ਸਰਕਾਰ ਵਲੋਂ ਏਅਰਪੋਰਟ ਦੇ ਅੰਦਰ ਕੁੱਝ ਪ੍ਰਬੰਧ ਕਰ ਦਿੱਤੇ ਹਨ। ਇਸ ਜਹਾਜ ਵਿਚ ਜੋ ਪੰਜਾਬ ਦੇ ਵਿਅਕਤੀ ਆ ਰਹੇ ਹਨ, ਉਨ੍ਹਾਂ ਨੂੰ ਬਾਕੀ ਯਾਤਰੀਆਂ ਵਾਂਗ ਅਰਾਈਵਲ ਰਾਹੀਂ ਹੀ ਬਾਹਰ ਲਿਆਂਦਾ ਜਵੇਗਾ, ਜਦਕਿ ਪਹਿਲਾਂ ਆਏ ਜਹਾਜ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਪਿਛਲੇ ਦਰਵਾਜੇ ਹੀ ਬਾਹਰ ਕੱਢਿਆ ਗਿਆ ਸੀ। ਇਸ ਤੋਂ ਇਲਾਵਾ ਅੱਜ ਆ ਰਹੇ ਜਹਾਜ ਵਿਚ ਜੋ ਹੋਰ ਰਾਜਾਂ ਦੇ ਵਿਅਕਤੀ ਹਨ, ਉਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਏਅਰਪੋਰਟ ਦੇ ਅੰਦਰ ਕੀਤਾ ਗਿਆ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਹਰ ਵਾਰ ਜਹਾਜ ਨੂੰ ਅੰਮ੍ਰਿਤਸਰ ਉਤਾਰਿਆ ਜਾਂਦਾ ਹੈ, ਜਦਕਿ ਇਹ ਸਰਹੱਦੀ ਇਲਾਕਾ ਹੋਣ ਕਾਰਨ ਕਿਸੇ ਵੀ ਦੇਸ਼ ਦੇ ਫੌਜੀ ਜਹਾਜ ਨੂੰ ਇਥੇ ਉੱਤਰਨ ਦੀ ਇਜਾਜਤ ਦੇਣਾ, ਦੇਸ਼ ਦੀ ਸੁਰੱਖਿਆ ਖਤਰੇ ਵਿਚ ਪਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਵਿਚ ਟਰੰਪ ਨੂੰ ਮਿਲ ਕੇ ਆਏ ਹਨ ਅਤੇ ਟਰੰਪ ਨੇ ਪਿੱਛੇ ਹੀ ਪਿੱਛੇ ਹੀ ਗੈਰਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਕੇ ਜਹਾਜ ਭੇਜ ਕੇ ਮੋਦੀ ਨੂੰ ਤੋਹਫਾ ਦੇ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਗੈਰਕਾਨੂੰਨੀ ਭਾਰਤੀ ਵਾਪਸ ਆ ਰਹੇ ਹਨ, ਉਹ ਸਾਡੇ ਨਾਗਰਿਕ ਹਨ। ਉਨ੍ਹਾਂ ਨੇ ਇਥੇ ਕੋਈ ਅਪਰਾਧ ਨਹੀਂ ਕੀਤਾ। ਇਸ ਲਈ ਅਸੀਂ ਉਨ੍ਹਾਂ ਦੇ ਸਵਾਗਤ ਲਈ ਹਾਜਰ ਹਾਂ। ਜਿਹੜੇ ਏਜੰਟਾਂ ਨੇ ਉਨ੍ਹਾਂ ਦਾ ਨੁਕਸਾਨ ਕੀਤਾ ਹੈ ਉਨ੍ਹਾਂ ਏਜੰਟਾਂ ਖਿਲਾਫ ਵੀ ਕਾਰਵਾਈ ਕਰਾਂਗੇ।