
ਅੰਮ੍ਰਿਤਸਰ, 14 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਗੈਰਕਾਨੂੰਨੀ ਭਾਰਤੀਆਂ ਨੂੰ ਲਿਆ ਰਹੇ ਜਹਾਜ ਨੂੰ ਕੇਵਲ ਅੰਮ੍ਰਿਤਸਰ ਵਿਖੇ ਹੀ ਕਿਉਂ ਉੱਤਰਨ ਦੀ ਇਜਾਜਤ ਦਿੱਤੀ ਜਾਂਦੀ ਹੈ। ਇਹ ਕੇਵਲ ਪੰਜਾਬ ਦਾ ਵਿਸ਼ਵ ਪੱਧਰ ‘ਤੇ ਅਕਸ ਖਰਾਬ ਕਰਨ ਦੀ ਇਕ ਸਾਜਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਡਿਪੋਰਟ ਹੋਣ ਵਾਲੇ ਭਾਰਤੀ ਕੇਵਲ ਪੰਜਾਬ ਦੇ ਹੀ ਵਾਸੀ ਤਾਂ ਨਹੀਂ, ਉਹ ਸਾਰੇ ਰਾਜਾਂ ਦੇ ਹੀ ਵਾਸੀ ਹਨ। ਇਸ ਲਈ ਇਹ ਜਹਾਜ ਅੰਮ੍ਰਿਤਸਰ ਵਿਖੇ ਹੀ ਕਿਉਂ ਉਤਾਰਿਆ ਜਾਂਦਾ ਹੈ। ਇਹ ਜਹਾਜ ਦਿੱਲੀ ਵੀ ਉਤਾਰਿਆ ਜਾ ਸਕਦਾ ਹੈ ਜਾਂ ਹੋਰ ਕਿਸੇ ਰਾਜ ਵਿਚ ਵੀ ਉਤਾਰਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਉਹ ਕੇਂਦਰ ਸਰਕਾਰ ਨਾਲ ਪਹਿਲਾਂ ਹੀ ਰੋਸ ਜਾਹਿਰ ਕਰ ਚੁੱਕੇ ਹਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਇਹ ਮੁੱਦਾ ਉੱਠਾ ਚੁੱਕੇ ਹਨ, ਪਰ ਕੇਂਦਰ ਸਰਕਾਰ ਵਲੋਂ ਕੋਈ ਸਾਕਾਰਾਤਮਕ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਆਨਾਜ ਪੈਦਾ ਕੀਤਾ। ਫੇਰ ਪੰਜਾਬੀਆਂ ਨੇ ਹੀ ਸਰਹੱਦਾਂ ‘ਤੇ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ, ਤੇ ਹੁਣ ਕੇਂਦਰ ਸਰਕਾਰ ਵਲੋਂ ਪੰਜਾਬੀਆਂ ਨੂੰ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਫੇਲ ਜੈੱਟ ਨੂੰ ਅੰਬਾਲਾ ਵਿਖੇ ਉਤਾਰਿਆ ਜਾ ਸਕਦਾ ਹੈ ਤਾਂ ਅਮਰੀਕਾ ਤੋਂ ਆਉਣ ਵਾਲੇ ਜਹਾਜ ਨੂੰ ਦੇਸ਼ ਦੇ ਹੋਰ ਕਿਸੇ ਵੀ ਹਿੱਸੇ ਵਿਚ ਕਿਉਂ ਨਹੀਂ ਉਤਾਰਿਆ ਜਾ ਸਕਦਾ। ਪਹਿਲਾ ਇਕ ਜਹਾਜ ਅੰਮ੍ਰਿਤਸਰ ਵਿਖੇ ਆਇਆ ਸੀ ਅਤੇ ਹੁਣ ਦੋ ਹੋਰ ਜਹਾਜ ਅੰਮ੍ਰਿਤਸਰ ਵਿਖੇ ਹੀ ਪਹੁੰਚ ਰਹੇ ਹਨ।