ਭੱਠਾ ਸਾਹਿਬ (ਰੋਪੜ), 6 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਿਲਾ ਰੋਪੜ ਵਿਚ ਪੈਂਦੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ।
ਮੱਥਾ ਟੇਕਣ ਤੋਂ ਬਾਅਦ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਰਸਤੇ ‘ਤੇ ਚੱਲ ਕੇ ਸਿੱਖੀ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਜਬਰ ਜੁਲਮ ਖਿਲਾਫ ਲੜਨ ਦੀ ਪ੍ਰੇਰਨਾ ਦਿੱਤੀ ਸੀ। ਇਸ ਲਈ ਸਾਨੂੰ ਮਨੁੱਖਤਾ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਰਹਿਣਾ ਚਾਹੀਦਾ ਹੈ ਅਤੇ ਜੁਲਮ ਖਿਲਾਫ ਆਵਾਜ ਉਠਾਉਣੀ ਚਾਹੀਦੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਗੁਰਦੁਆਰਾ ਸਾਹਿਬ ਵਿਖੇ ਸੂਬੇ ਦੇ ਲੋਕਾਂ ਦੀ ਤਰੱਕੀ ਅਤੇ ਸ਼ਾਂਤੀ ਲਈ ਅਰਦਾਸ ਵੀ ਕੀਤੀ।