ਨਵੀਂ ਦਿੱਲੀ, 12 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਇਕ ਦੇਸ਼ ਇਕ ਚੋਣ’ ਤੋਂ ਪਹਿਲਾਂ ‘ਇਕ ਦੇਸ਼, ਇਕ ਸਿੱਖਿਆ ਤੇ ਇਕ ਸਿਹਤ ਪ੍ਰਣਾਲੀ’ ਦੇ ਸਿਧਾਂਤ ਨੂੰ ਤਾਂ ਯਕੀਨੀ ਬਣਾ ਲਓ।
ਭਗਵੰਤ ਸਿੰਘ ਮਾਨ ਨੇ ਸੰਸਦ ਭਵਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਦੇਸ਼ ਵਿਚ ਇਕ ਸਿੱਖਿਆ ਤੇ ਇਕ ਇਲਾਜ ਪ੍ਰਣਾਲੀ ਲਾਗੂ ਕਰਨ ਦੀ ਥਾਂ ਇਕ ਦੇਸ਼ ਇਕ ਚੋਣ ਦੀ ਚਿੰਤਾ ਹੋ ਰਹੀ ਹੈ। ਕੇਂਦਰ ਸਰਕਾਰ ਵਲੋਂ ਜਾਣ ਬੁੱਝ ਕੇ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਕ ਦੇਸ਼ ਇਕ ਸਿੱਖਿਆ ਤੇ ਇਕ ਇਲਾਜ ਪ੍ਰਣਾਲੀ ਨਾਲ ਪੂਰੇ ਦੇਸ਼ ਦੀ ਜਨਤਾ ਨੂੰ ਫਾਇਦਾ ਹੋਵੇਗਾ, ਜਦਕਿ ਇਕ ਦੇਸ਼ ਇਕ ਚੋਣ ਨਾਲ ਕੇਵਲ ਭਗਵਾਂ ਪਾਰਟੀ ਨੂੰ ਹੀ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਰਵਈਆ ਅਪਣਾਇਆ ਜਾ ਰਿਹਾ ਹੈ, ਜੋ ਖੇਤਰੀ ਪਾਰਟੀਆਂ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜੋ ਸਭ ਨੂੰ ਪਿਆਰ ਅਤੇ ਸਹਿਣਸ਼ੀਲਤਾ ਦਾ ਮਾਰਗ ਦਿਖਾਉਂਦੀ ਹੈ। ਪਰ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨਾਲ ਹਮੇਸ਼ਾਂ ਵਿਤਕਾਰ ਕੀਤਾ ਜਾਂਦਾ ਰਿਹਾ ਹੈ।
ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਏ ਜਾਣ ਦੀ ਘਟਨਾਂ ਬਾਰੇ ਕਿਹਾ ਕਿ ਇਸ ਬਾਰੇ ਉੱਚ ਪੱਧਰੀ ਜਾਂਚ ਚੱਲ ਰਹੀ ਹੈ। ਜਲਦੀ ਹੀ ਇਸ ਘਟਨਾਂ ਪਿਛਲੀ ਸਾਜਿਸ਼ ਦਾ ਪਰਦਾਫਾਸ਼ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸ਼ੋ੍ਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਨੇ ਕਈ ਕਾਰਨਾਂ ਦਾ ਹਵਾਲਾ ਦੇ ਕੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਨ੍ਹਾਂ ਕੈਮਰਿਆਂ ਦੀ ਫੁਟੇਜ਼ ਪੁਲੀਸ ਨੇ ਹਾਸਲ ਕਰ ਲਈ ਹੈ। ਇਸ ਲਈ ਹੁਣ ਜਾਂਚ ਵਿਚ ਹੋਰ ਤੇਜੀ ਆ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਸੰਸਦ ਭਵਨ ਵਿਚ ਦਫਤਰ ਮਿਲਿਆ ਹੈ। ਲੋਕ ਸਭਾ ਮੈਂਬਰ ਹੁੰਦਿਆਂ ਸੰਸਦ ਦੇ ਤਜ਼ਰਬੇ ਦੀ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਸਭਾ ਵਿਚ ਆਮ ਲੋਕਾਂ ਦੇ ਮੁੱਦਿਆਂ ਨੂੰ ਬਹੁਤ ਹੀ ਢੁੱਕਵੇਂ ਢੰਗ ਨਾਲ ਉਠਾਇਆ ਜਾ ਸਕਦਾ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਲੋਂ ਲੋਕ ਸਭਾ ਅਤੇ ਰਾਜ ਸਭਾ ਵਿਚ ਆਮ ਜਨਤਾ ਦੇ ਮੁੱਦਿਆਂ ਨੂੰ ਉਠਾਇਆ ਜਾ ਰਿਹਾ ਹੈ।