Thursday, June 12Malwa News
Shadow

ਫਿਨਲੈਂਡ ਤੋਂ ਟਰੇਨਿੰਗ ਲੈ ਕੇ ਆਏ ਅਧਿਆਪਕ ਨਵੀਂ ਕ੍ਰਾਂਤੀ ਲਿਆਉਣਗੇ : ਭਗਵੰਤ ਮਾਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਿਨਲੈਂਡ ਤੋਂ ਟਰੇਨਿੰਗ ਲੈ ਕੇ ਆਏ ਅਧਿਆਪਕ ਪੰਜਾਬ ਵਿਚ ਨਵੀਂ ਕ੍ਰਾਂਤੀ ਲਿਆਉਣ ਲਈ ਮੋਢੀ ਭੂਮਿਕਾ ਨਿਭਾਉਣਗੇ। ਇਹ ਪੰਜਾਬ ਦੇ ਭਵਿੱਖ ਲਈ ਸ਼ਾਨਦਾਰ ਇਤਿਹਾਸ ਲਿਖਣਗੇ।
ਅੱਜ ਇਥੇ ਫਿਨਲੈਂਡ ਤੋਂ ਟਰੇਨਿੰਗ ਲੈ ਕੇ ਆਏ ਅਧਿਆਪਕਾਂ ਦਾ ਸਵਾਗਤ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿਚ ਤਰੱਕੀ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਲਈ ਉਨ੍ਹਾਂ ਟਰੇਨਿੰਗ ਲੈ ਕੇ ਆਏ ਅਧਿਆਪਕਾਂ ਨੂੰ ਕਿਹਾ ਕਿ ਉਹ ਰੋਲ ਮਾਡਲ ਦੀ ਭੂਮਿਕਾ ਨਿਭਾਉਣ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੇ ਚੰਗੇ ਸਮਾਜ ਦੀ ਨੀਂਹ ਰੱਖਣੀ ਹੁੰਦੀ ਹੈ। ਇਸ ਲਈ ਨਵਾਂ ਹੁਨਰ ਹਾਸਲ ਕਰਨ ਵਾਲੇ ਅਧਿਆਪਕ ਸਾਡੇ ਪੰਜਾਬ ਦਾ ਅਣਮੁੱਲਾ ਸਰਮਾਇਆ ਬਨਣਗੇ। ਉਨ੍ਹਾਂ ਨੇ ਅਧਿਆਪਕਾਂ ਨੂੰ ਸੱਦਾ ਦਿਤਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਦੇਣ ਅਤੇ ਆਪਣੇ ਸਾਥੀ ਅਧਿਆਪਕਾਂ ਨਾਲ ਆਪਣੇ ਨਵੇਂ ਤਜ਼ਰਬੇ ਸਾਂਝੇ ਕਰਨ।
ਮੁੱਖ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਪੰਜਾਬ ਦੀ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਆਵੇਗੀ। ਪਹਿਲੀ ਵਾਰ 72 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਵਿਚ ਸਿਖਲਾਈ ਹਾਸਲ ਕੀਤੀ ਹੈ। ਇਸ ਤੋਂ ਬਾਅਦ ਜਲਦੀ ਹੀ ਸਰਕਾਰ ਵਲੋਂ ਹੋਰ ਅਧਿਆਪਕਾਂ ਨੂੰ ਵੀ ਵਿਸ਼ਵ ਪੱਧਰੀ ਟਰੇਨਿੰਗ ਦੇਣ ਲਈ ਭੇਜਿਆ ਜਾਵੇਗਾ। ਇਸ ਨਾਲ ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ, ਨਵੇਂ ਤਜ਼ਰਬਿਆਂ ਅਤੇ ਨਵੇਂ ਤਰੀਕਿਆਂ ਦੀ ਖੋਜ ਕਰਨ ਦਾ ਵਿਲੱਖਣ ਤਜਰਬਾ ਹਾਸਲ ਹੁੰਦਾ ਹੈ। ਇਸ ਵੇਲੇ ਸਿੱਖਿਆ ਦੇ ਖੇਤਰ ਵਿਚ ਫਿਨਲੈਂਡ ਦਾ ਸਿੱਖਿਆ ਪ੍ਰਬੰਧ ਸਿਖਰ ‘ਤੇ ਹੈ। ਇਸੇ ਲਈ ਹੀ ਸਰਕਾਰ ਵਲੋਂ ਫਿਨਲੈਂਡ ਨੂੰ ਹੀ ਚੁਣਿਆ ਗਿਆ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਵਿਦਿਅਰਥੀਆਂ ਲਈ ਵਿਲੱਖਣ ਮੌਕਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਵਿਦਿਅਰਥੀਆਂ ਨੂੰ ਵੀ ਨਵੇਂ ਨਵੇਂ ਤਜ਼ਰਬੇ ਹਾਸਲ ਕਰਨ ਲਈ ਵੱਡੇ ਅਦਾਰਿਆਂ ਦੇ ਟੂਰ ਲਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ।

Basmati Rice Advertisment