
ਨਵੀਂ ਦਿੱਲੀ, 30 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾ ਲਈ ਪ੍ਰਚਾਰ ਦੌਰਾਨ ਦੋਵਾਂ ਨੇ ਇਕੱਠਿਆਂ ਰੋਡ ਸ਼ੋਅ ਕੱਢਿਆ। ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਤੁਗਲਕਾਬਾਦ, ਗ੍ਰੇਟਰ ਕੈਲਾਸ਼, ਕਾਲਕਾਜੀ ਅਤੇ ਕਸਤੂਰਬਾ ਨਗਰ ਵਿਖੇ ਇਕੱਠ ਨੂੰ ਸੰਬੋਧਨ ਵੀ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਦੇ ਲੋਕ ਇਨ੍ਹਾਂ ਚੋਣਾ ਦੌਰਾਨ ਟਕਰਾਅ, ਵੰਡ ਅਤੇ ਭਰਿਸ਼ਟਾਚਾਰ ਨੂੰ ਦਰਕਿਨਾਰ ਕਰਕੇ ਤਰੱਕੀ, ਸਿੱਖਿਆ ਅਤੇ ਸਿਹਤ ਦੀ ਚੋਣ ਕਰਨਗੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ ਵੱਖ ਫਿਰਕਿਆਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਹੁਣ ਦਿੱਲੀ ਦੇ ਲੋਕ ਭਾਜਪਾ ਦੀਆਂ ਚਾਲਾਂ ਤੋਂ ਪੂਰੀ ਤਰਾਂ ਜਾਣੂ ਹੋ ਚੁੱਕੇ ਹਨ ਅਤੇ ਉਹ ਭਾਜਪਾ ਦੇ ਸਾਰੇ ਹੱਥਕੰਡਿਆਂ ਨੂੰ ਚੰਗੀ ਤਰਾਂ ਸਮਝਣ ਲੱਗ ਪਏ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੀ ਭਾਜਪਾ ਵਲੋਂ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਨੂੰ ਮੁਫਤ ਕਹਿ ਕੇ ਮਜਾਕ ਕੀਤਾ ਜਾ ਰਿਹਾ ਸੀ, ਉਹੀ ਭਾਜਪਾ ਹੁਣ ਕੇਜਰੀਵਾਲ ਦੇ ਔਰਤਾਂ ਨੂੰ 2100 ਰੁਪਏ ਦੇਣ ਦੇ ਐਲਾਨ ਦੇ ਮੁਕਾਬਲੇ 2500 ਰੁਪਏ ਦੇਣ ਦਾ ਐਲਾਨ ਕਰ ਰਹੀ ਹੈ। ਹੁਣ ਜਨਤਾ ਸਭ ਕੁੱਝ ਜਾਣਦੀ ਹੈ ਕਿ ਭਰੋਸਾ ਕਿਸ ‘ਤੇ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਵਾਅਦਾ ਕੀਤਾ, ਉਹ ਪੂਰਾ ਕੀਤਾ ਹੈ, ਪਰ ਭਾਜਪਾ ਨੇ ਹਮੇਸ਼ਾਂ ਜੁਮਲੇ ਹੀ ਵੰਡੇ ਹਨ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਨੂੰ ਹੀ ਵੋਟ ਦਿੱਤੀ ਜਾਵੇ।