Wednesday, February 19Malwa News
Shadow

ਕਿਰਤ ਵਿਭਾਗ ਦੇ ਕੰਪਿਊਟਰੀਕਰਨ ਦੀ ਕੌਮੀ ਪੱਧਰ ‘ਤੇ ਸ਼ਲਾਘਾ

ਨਵੀਂ ਦਿੱਲੀ, 30 ਜਨਵਰੀ : ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿੱਚ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੇ ਦੋ ਰੋਜ਼ਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਸਤਾਵ ਰੱਖਿਆ ਕਿ ਈ-ਸ਼੍ਰਮ ਤਹਿਤ ਰਜਿਸਟਰਡ ਮਜ਼ਦੂਰਾਂ ਨੂੰ ਸਿਹਤ ਬੀਮਾ, ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫ਼ੇ ਅਤੇ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਲਾਭ ਦਿੱਤੇ ਜਾਣ।
ਸੰਮੇਲਨ ਦੌਰਾਨ ਸੌਂਦ ਨੇ ਇਸ ਮੁੱਦੇ ‘ਤੇ ਕੇਂਦਰੀ ਕਿਰਤ ਮੰਤਰੀ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਆਈ.ਟੀ.ਆਈ. ਅਤੇ ਪੌਲੀਟੈਕਨਿਕ ਰਾਹੀਂ ਹੁਨਰ ਦੀ ਪਛਾਣ ਅਤੇ ਸਿਖਲਾਈ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਮਜ਼ਦੂਰਾਂ ਲਈ ਹੁਨਰ ਵਿਕਾਸ ਅਤੇ ਨਿਰੰਤਰ ਸਹਾਇਤਾ ਦੀ ਲੋੜ ਨੂੰ ਉਜਾਗਰ ਕੀਤਾ।
ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਪ੍ਰਧਾਨਗੀ ਹੇਠ ਹੋਏ ਇਸ ਦੋ ਰੋਜ਼ਾ ਸੰਮੇਲਨ ਦਾ ਉਦੇਸ਼ ਕਿਰਤ ਭਲਾਈ ਦੀ ਦਿਸ਼ਾ ਵਿੱਚ ਬਿਹਤਰ ਕਾਰਜਪ੍ਰਣਾਲੀਆਂ ‘ਤੇ ਚਰਚਾ ਕਰਨਾ ਅਤੇ ਮਜ਼ਦੂਰਾਂ ਦੇ ਸਾਹਮਣੇ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ਦਾ ਹੱਲ ਕਰਨਾ ਸੀ।
ਪੰਜਾਬ ਦੇ ਕਿਰਤ ਸਕੱਤਰ ਮਨਵੇਸ਼ ਸਿੰਘ ਸਿੱਧੂ ਨੇ ਇਸ ਸੰਮੇਲਨ ਦੌਰਾਨ ਰਾਜ ਦੇ ਕਿਰਤ ਵਿਭਾਗ ਦੇ 100 ਫੀਸਦੀ ਕੰਪਿਊਟਰੀਕਰਨ ਬਾਰੇ ਜਾਣਕਾਰੀ ਦਿੱਤੀ, ਜਿਸ ਕਰਕੇ ਵਿਭਾਗ ਦਾ ਕੰਮ ਹੁਣ ਪੂਰੀ ਤਰ੍ਹਾਂ ਕਾਗਜ਼ ਰਹਿਤ, ਪਾਰਦਰਸ਼ੀ ਅਤੇ ਕੁਸ਼ਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਹਿਲ ਨਾਲ ਜਵਾਬਦੇਹੀ ਵਧੀ ਹੈ, ਕਾਰੋਬਾਰ ਵਿੱਚ ਆਸਾਨੀ ਹੋਈ ਹੈ ਅਤੇ ਸੇਵਾਵਾਂ ਪ੍ਰਦਾਨ ਕਰਨਾ ਵਧੇਰੇ ਸੁਗਮ ਹੋ ਗਿਆ ਹੈ।
ਗੌਰਤਲਬ ਹੈ ਕਿ ਸੰਮੇਲਨ ਵਿੱਚ ਪੰਜਾਬ ਦੇ ਕਿਰਤ ਵਿਭਾਗ ਅਤੇ ‘ਕਿਰਤੀ ਸਹਾਇਕ’ ਐਪ ਦੀ ਵੀ ਸ਼ਲਾਘਾ ਕੀਤੀ ਗਈ। ਵਰਨਣਯੋਗ ਹੈ ਕਿ ‘ਕਿਰਤੀ ਸਹਾਇਕ’ ਐਪ ਉਸਾਰੀ ਮਜ਼ਦੂਰਾਂ ਨੂੰ ਕਿਤੋਂ ਵੀ ਅਤੇ ਕਦੇ ਵੀ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਇਹ ਐਪ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਆਧਾਰ ਈ-ਕੇਵਾਈਸੀ ਦੀ ਵਰਤੋਂ ਕਰਦੀ ਹੈ ਅਤੇ ਸੇਵਾਵਾਂ ਦੀ ਸਮੇਂਬੱਧ ਡਿਲੀਵਰੀ ਯਕੀਨੀ ਬਣਾਉਂਦੀ ਹੈ।
ਸੰਮੇਲਨ ਦੌਰਾਨ ਉਸਾਰੀ ਮਜ਼ਦੂਰਾਂ ਦੀ ਭਲਾਈ ਲਈ ਬਿਹਤਰ ਕਾਰਜਪ੍ਰਣਾਲੀਆਂ, ਈ.ਐਸ.ਆਈ.ਸੀ. ਨੂੰ ਏ.ਬੀ.ਜੇ.ਏ.ਵਾਈ. ਯੋਜਨਾ ਨਾਲ ਜੋੜਨ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਈ-ਸ਼੍ਰਮ ਰਾਹੀਂ ਅਸੰਗਠਿਤ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨੂੰ ਹੁਲਾਰਾ ਦੇਣ, ਨੈਸ਼ਨਲ ਕਰੀਅਰ ਸਰਵਿਸ ਲਈ ਰੋਡਮੈਪ ਤਿਆਰ ਕਰਨ ਅਤੇ ਪ੍ਰਧਾਨ ਮੰਤਰੀ ਸਿੱਖਿਆ ਅਤੇ ਰੁਜ਼ਗਾਰ ਲਾਂਚ ਵਰਗੀਆਂ ਪਹਿਲਾਂ ਦੀ ਸਮੀਖਿਆ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਇਸ ਸੰਮੇਲਨ ਵਿੱਚ ਪੀ.ਡੀ.ਸੀ. ਮੈਂਬਰ ਅਨੁਰਾਗ ਕੁੰਡੂ, ਕਿਰਤ ਮੰਤਰੀ ਦੇ ਸਲਾਹਕਾਰ ਕਰੁਣ ਅਰੋੜਾ ਅਤੇ ਬੀ.ਓ.ਸੀ.ਡਬਲਯੂ. ਵੈਲਫੇਅਰ ਬੋਰਡ ਦੇ ਡਿਪਟੀ ਸਕੱਤਰ ਜਸ਼ਨਦੀਪ ਸਿੰਘ ਕੰਗ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Basmati Rice Advertisment