
ਚੰਡੀਗੜ੍ਹ, 12 ਜਨਵਰੀ : ਪੰਜਾਬ ਦੀ ਇਕੋ ਇਕ ਅਰਮਡ ਫੋਰਸਿਜ਼ ਟਰੇਨਿੰਗ ਸੰਸਥਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਚ ਦਾਖਲੇ ਲਈ ਅੱਜ ਦਾਖਲਾ ਪ੍ਰੀਖਿਆ ਲਈ ਗਈ। ਇਸ ਦਾਖਲਾ ਪ੍ਰੀਖਿਆ ਵਿਚ 3329 ਉਮੀਦਵਾਰਾਂ ਨੇ ਭਾਗ ਲਿਆ। ਇਸ ਪ੍ਰੀਖਿਆ ਲਈ 4128 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਸੀ, ਪਰ ਇਨ੍ਹਾਂ ਵਿਚੋਂ 3329 ਉਮੀਦਵਾਰ ਹੀ ਦਾਖਲਾ ਪ੍ਰੀਖਿਆ ਵਿਚ ਬੈਠ ਸਕੇ। ਇੰਨੀ ਗਿਣਤੀ ਵਿਚ ਉਮੀਦਵਾਰਾਂ ਦੀ ਰਜਿਸਟਰੇਸ਼ਨ ਇਸ ਸੰਸਥਾ ਦਾ ਨਵਾਂ ਰਿਕਾਰਡ ਹੈ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸਿੱਟਾ ਹੈ।
ਪੰਜਾਬ ਸਰਕਾਰ ਵਲੋਂ ਮੋਹਾਲੀ ਵਿਖੇ ਚੱਲ ਰਿਹਾ ਇਹ ਇੰਸਟੀਚਿਊਟ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਅਧੀਨ ਹੈ। ਇਸ ਵਿਭਾਗ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਇਸ ਸੰਸਥਾ ਦੇ ਕੈਡਿਟਾਂ ਨੂੰ ਚੰਗੀਆਂ ਸਿਖਲਾਈ ਸਹੂਲਤਾਂ ਮੁਹਈਆ ਕਰਵਾਉਣ ਲਈ ਹਮੇਸ਼ਾਂ ਯਤਨ ਕੀਤੇ ਜਾਂਦੇ ਰਹੇ ਹਨ।
ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾ ਮੁਕਤ) ਅਜੈ ਐਚ ਚੌਹਾਨ ਨੇ ਪ੍ਰੀਖਿਆ ਕੇਂਦਰ ਦਾ ਅਚਨਚੇਤ ਦੌਰਾ ਕੀਤਾ। ਇਸ ਦਾਖਲਾ ਪ੍ਰੀਖਿਆ ਲਈ ਮੋਹਾਲੀ ਤੋਂ ਇਲਾਵਾ ਜਲੰਧਰ ਅਤੇ ਬਠਿੰਡਾ ਵਿਖੇ ਵੀ ਵੱਖ ਵੱਖ ਸਕੂਲਾਂ ਵਿਚ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ।
ਇਸ ਇੰਸਟੀਚਿਊਟ ਵਿਚ ਕੇਵਲ 48 ਉਮੀਦਵਾਰਾਂ ਨੂੰ ਹੀ ਦਾਖਲਾ ਦਿੱਤਾ ਜਾਣਾ ਅਤੇ ਇਥੋਂ ਟਰੇਨਿੰਗ ਕਰਨ ਵਾਲੇ ਨੌਜਵਾਨ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇਸਦੇ ਬਰਾਬਰ ਦੀਆਂ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਕੀਤਾ ਜਾਂਦਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਵਿਚ ਟਰੇਨਿੰਗ ਲੈਣ ਵਾਲੇ 74 ਕੈਡਿਟ ਰੱਖਿਆ ਸੇਵਾਵਾਂ ਵਿਚ ਕਮਿਸ਼ਨਡ ਅਫਸਰ ਬਣ ਚੁੱਕੇ ਹਨ। ਇਸ ਤੋਂ ਇਲਾਵਾ 64 ਕੈਡਿਟ ਵੱਖ ਵੱਖ ਟਰੇਨਿੰਗ ਅਕੈਡਮੀਆਂ ਵਿਚ ਦਾਲਖ ਹੋਏ ਹਨ ਅਤੇ 12 ਕੈਡਿਟ ਅਜੇ ਕਾਲ ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਸ੍ਰੀ ਅਮਨ ਅਰੋੜਾ ਨੇ ਪ੍ਰੀਖਿਆ ਦੇਣ ਵਾਲੇ ਸਾਰੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਵੇਂ ਇਸ ਇੰਸਟੀਚਿਊਟ ਵਿਚ 48 ਕੈਡਿਟਾਂ ਦੀ ਹੀ ਚੋਣ ਕੀਤੀ ਜਾਣੀ ਹੈ, ਪਰ ਪ੍ਰੀਖਿਆ ਦੇਣ ਵਾਲੇ ਸਾਰੇ ਹੀ ਉਮੀਦਵਾਰਾਂ ਦੀ ਮਿਹਨਤ ਰੰਗ ਲਿਆਏਗੀ ਅਤੇ ਉਹ ਦੇਸ਼ ਦੇ ਹੋਰ ਵੱਖ ਵੱਖ ਖੇਤਰਾਂ ਵਿਚ ਕਾਮਯਾਬ ਹੋਣਗੇ।