Sunday, August 23Malwa News
Shadow

ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਲੋੜਵੰਦਾਂ ਦੀ ਭਲਾਈ ਲਈ ਯਤਨਸ਼ੀਲ

ਬਰਨਾਲਾ, 23 ਅਗਸਤ-   ਇੰਡੀਅਨ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਸਮਾਜ ਭਲਾਈ ਅਤੇ ਲੋੜਵੰਦਾਂ ਦੀ ਮਦਦ ਲਈ ਲਗਾਤਾਰ ਯਤਨਸ਼ੀਲ ਹੈ। ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਜਿੱਥੇ ਲੋਕ ਸੇਵਾ ਕੈਂਪਾਂ ਰਾਹੀਂ ਪਿੰਡਾਂ ਵਿਚ ਸਿਹਤ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ, ਓਥੇ ਸਕੂਲਾਂ ਵਿਚ ਆਰ ਓ, ਹਸਪਤਾਲ ਵਿਚ ਲੋੜੀਂਦੇ ਉਪਕਰਨਾਂ ਤੋਂ ਇਲਾਵਾ ਜ਼ਿਲ੍ਹਾ ਜੇਲ੍ਹ ਵਿਚ ਸਹੂਲਤਾਂ ਮੁਹਈਆ ਕਰਾਉਣ ਸਮੇਤ ਦਿਵਿਆਂਗ ਲੋਕਾਂ ਦੀ ਭਲਾਈ ਲਈ ਕਾਰਜ ਕੀਤੇ ਜਾ ਰਹੇ ਹਨ।

     ਡਿਪਟੀ ਕਮਿਸ਼ਨਰ ਸਹਿਤ ਪ੍ਰਧਾਨ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਰੈੱਡ ਕ੍ਰਾਸ ਸੋਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਸੋਸਾਇਟੀ ਵਲੋਂ ਲਗਾਤਾਰ ਸਮਾਜ ਭਲਾਈ ਕਾਰਜ ਕੀਤੇ ਜਾ ਰਹੇ ਹਨ। 

    ਓਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹਈਆ ਕਰਾਉਣ ਲਈ 12 ਪ੍ਰਾਇਮਰੀ ਸਕੂਲਾਂ ਵਿਚ 4,68,000 ਰੁਪਏ ਦੀ ਲਾਗਤ ਨਾਲ ਆਰਓ ਲਗਵਾਏ ਗਏ ਹਨ ਤਾਂ ਜੋ ਜ਼ਿਲ੍ਹੇ ਦੇ 100 ਫੀਸਦੀ ਸਰਕਾਰੀ ਸਕੂਲਾਂ ਵਿਚ ਸ਼ੁੱਧ ਅਤੇ ਸਾਫ਼ ਪਾਣੀ ਯਕੀਨੀ ਬਣਾਇਆ ਜਾ ਸਕੇ।

   ਓਹਨਾਂ ਦੱਸਿਆ ਕਿ ਰੈੱਡ ਕ੍ਰਾਸ ਵਲੋਂ ਇਸ ਸਾਲ ਮਾਰਚ ਵਿਚ ਤਿੰਨ ਰੋਜ਼ਾ ਕੈਂਪ ਲਗਾ ਕੇ ਦਿਵਿਆਂਗ ਵਿਅਕਤੀਆਂ ਨੂੰ ਟ੍ਰਾਈਸਾਈਕਲ, ਮੌਕੇ ਉੱਤੇ ਬਨਾਵਟੀ ਅੰਗ, ਕੰਨਾਂ ਵਾਲ਼ੀਆਂ ਮਸ਼ੀਨਾਂ ਅਤੇ ਹੋਰ ਸਮਾਨ ਮੁਹਈਆ ਕਰਾਇਆ ਗਿਆ।

 ਇਸ ਤੋਂ ਇਲਾਵਾ ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਨੂੰ 3,68,000 ਰੁਪਏ ਦੇ ਮੁਢਲੇ ਉਪਕਰਨ ਮੁਹਈਆ ਕਰਾਏ ਗਏ ਹਨ।

  ਓਹਨਾਂ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਵਿਚ ਮਰੀਜ਼ਾਂ ਦੀ ਮਾਨਸਿਕ ਸਿਹਤਯਾਬੀ ਵਾਸਤੇ ਰੇਡੀਓ ਉਜਾਲਾ ਦੀ 3,47,000 ਰੁਪਏ ਦੀ ਲਾਗਤ ਨਾਲ ਸ਼ੁਰੂਆਤ ਕੀਤੀ ਗਈ ਜੋਕਿ ਕੈਦੀਆਂ ਅਤੇ ਬੰਦੀਆਂ ਦੀ ਮਾਨਸਿਕ ਸਿਹਤ ਵਾਸਤੇ ਵਰਦਾਨ ਸਾਬਿਤ ਹੋ ਰਿਹਾ ਹੈ।

ਓਹਨਾਂ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਵਾਸਤੇ 7,50,000 ਦੀ ਲਾਗਤ ਨਾਲ ਐਂਬੂਲੈਂਸ ਮੁਹਈਆ ਕਰਾਉਣ ਦਾ ਕਾਰਜ ਵੀ ਤਜਵੀਜ਼ਤ ਹੈ। 

ਓਹਨਾਂ ਦੱਸਿਆ ਕਿ ਆਜ਼ਾਦੀ ਦਿਹਾੜੇ ‘ਤੇ ਰੈੱਡ ਕ੍ਰਾਸ ਵਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਵ੍ਹੀਲ ਚੇਅਰਾਂ ਅਤੇ ਟ੍ਰਾਈ ਸਾਈਕਲਾਂ ਦੀ ਵੰਡ ਕੀਤੀ ਗਈ ਹੈ।

  ਇਸ ਤੋਂ ਇਲਾਵਾ ਰੈੱਡ ਕ੍ਰਾਸ ਵਲੋਂ ਉਪਰਾਲਾ ਕਰਦੇ ਹੋਏ ਲੋਕ ਸੇਵਾ ਕੈਂਪ ਪਿੰਡਾਂ ਵਿਚ ਲਾਏ ਜਾ ਰਹੇ ਹਨ ਜਿਨ੍ਹਾਂ ਦਾ ਸੈਂਕੜੇ ਮਰੀਜ਼ਾਂ ਨੇ ਲਾਭ ਲਿਆ ਹੈ। ਓਹਨਾਂ ਦੱਸਿਆ ਕਿ ਪਿੰਡਾਂ ਦੇ ਵਾਸੀਆਂ ਨੂੰ ਜਨਰਲ ਚੈੱਕਅਪ, ਅੱਖਾਂ ਦੀ ਜਾਂਚ, ਮੁਫ਼ਤ ਐਨਕਾਂ, ਮੁਫ਼ਤ ਦਵਾਈਆਂ ਅਤੇ ਵੱਖ ਵੱਖ ਸਕੀਮਾਂ ਲਈ ਅਪਲਾਈ ਕਟਵਾਉਣ ਲਈ ਇਹ ਕੈਂਪ ਕਰਮਗੜ੍ਹ, ਕਾਲੇਕੇ, ਢਿੱਲਵਾਂ, ਕੱਟੂ, ਜ਼ਿਲ੍ਹਾ ਜੇਲ੍ਹ, ਅਮਲਾ ਸਿੰਘ ਵਾਲਾ, ਠੀਕਰੀਵਾਲਾ, ਸੇਖਾ, ਰਾਜਗੜ੍ਹ ਆਦਿ ਪਿੰਡਾਂ ਵਿਚ ਲਾਏ ਜਾ ਚੁੱਕੇ ਹਨ ਜਿੱਥੇ ਸੈਂਕੜੇ ਵਿਅਕਤੀ ਲਾਭ ਲੈ ਚੁੱਕੇ ਹਨ ਅਤੇ 60 ਹਜ਼ਾਰ ਤੋਂ ਵੱਧ ਦੀਆਂ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ।

   ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੇ ਸਕੱਤਰ ਸਰਵਣ ਸਿੰਘ ਨੇ ਕਿਹਾ ਕਿ ਆਉਂਦੇ ਦਿਨੀ ਵੀ ਲੋਕ ਸੇਵਾ ਕੈਂਪ ਲਾਏ ਜਾਣਗੇ ਅਤੇ ਰੈੱਡ ਕ੍ਰਾਸ ਵਲੋਂ ਲੋਕ ਭਲਾਈ ਲਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ।