
ਫਰਿਜ਼ਨੋ (ਯੂ ਐਸ ਏ) 18 ਨਵੰਬਰ : ਅਮਰੀਕਾ ਦੇ ਸ਼ਹਿਰ ਲਾਸਵਿੰਗ ਵਿਖੇ ਕਰਵਾਈ ਗਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਅਤੇ ਤਿੰਨ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ।
ਆਈ ਬੀ.ਐਫ. ਦੇ ਏਸ਼ੀਆ ਪ੍ਰਧਾਨ ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਦੁਨੀਆਂ ਭਰ ਦੇ ਦੇਸ਼ਾਂ ਤੋਂ ਖਿਡਾਰੀਆਂ ਨੇ ਭਾਗ ਲਿਆ। ਇਸੇ ਤਰਾਂ ਹੀ ਉਹ ਵੀ ਆਪਣੀ ਟੀਮ ਲੈ ਕੇ ਇਸ ਚੈਂਪੀਅਨਸ਼ਿਪ ਵਿਚ ਪਹੁੰਚੇ ਸਨ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਅਬੋਹਰ ਦੇ ਜੰਮਪਲ ਅਮਨਪ੍ਰਕਾਸ਼ ਟੋਨੀ ਸੰਧੂ ਨੇ 90 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸ ਪੰਜਾਬੀ ਸਪੂਤ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਜਿੱਤ ਨਾਲ ਟੋਨੀ ਸੰਧੂ ਅਗਲੇ ਸਾਲ 2025 ਵਿਚ ਹੋ ਰਹੀਆਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਿਆ ਹੈ।
ਹਰਵਿੰਦਰ ਸਿੰਘ ਸਲੀਣਾ ਨੇ ਦੱਸਿਆ ਕਿ ਖੇਡਾਂ ਮਨੁੱਖ ਲਈ ਬੇਹੱਦ ਜਰੂਰੀ ਨੇ ਅਤੇ ਪੰਜਾਬੀਆਂ ਦੀ ਖੇਡਾਂ ਵਿਚ ਵੱਖਰੀ ਪਹਿਚਾਣ ਹੈ। ਪਹਿਲਾਂ ਵੀ ਪੰਜਾਬੀਆਂ ਨੇ ਖੇਡਾਂ ਦੇ ਖੇਤਰ ਵਿਚ ਵੱਡੇ ਮੁਕਾਮ ਹਾਸਲ ਕਰਕੇ ਆਪਣੇ ਦੇਸ਼ ਦਾ ਨਾਮ ਚਮਕਾਇਆ ਹੈ ਅਤੇ ਹੁਣ ਵੀ ਪੰਜਾਬ ਦੇ ਨੌਜਵਾਨ ਵੱਡੀਆਂ ਮੱਲਾਂ ਮਾਰ ਰਹੇ ਨੇ।
ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਨੌਜਵਾਨ ਵਲੋਂ ਤਿੰਨ ਮੈਡਲ ਜਿੱਤਣੇ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਪ੍ਰਕਾਸ਼ ਟੋਨੀ ਦੀ ਇਸ ਪ੍ਰਾਪਤੀ ਨਾਲ ਬਾਕੀ ਨੌਜਵਾਨਾਂ ਨੂੰ ਵੀ ਨਵੀਂ ਸੇਧ ਮਿਲੇਗੀ। ਹਰਵਿੰਦਰ ਸਿੰਘ ਸਲੀਣਾ ਨੇ ਐਲਾਨ ਕੀਤਾ ਕਿ ਟੋਨੀ ਸੰਧੂ ਦਾ ਪੰਜਾਬ ਪਹੁੰਚਣ ‘ਤੇ ਵੀ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਸਲੀਣਾ ਟੀਮ ਦੇ ਬਹੁਤ ਸਾਰੇ ਖਿਡਾਰੀ ਵਿਸ਼ਵ ਪੱਧਰ ‘ਤੇ ਮੱਲ੍ਹਾਂ ਮਾਰ ਚੁੱਕੇ ਨੇ। ਜਦੋਂ ਕੋਈ ਨੌਜਵਾਨ ਇਸ ਤਰਾਂ ਦੀ ਵੱਡੀ ਪ੍ਰਾਪਤੀ ਕਰਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਟੀਮ ‘ਤੇ ਹੋਰ ਮਾਣ ਮਹਿਸੂਸ ਹੁੰਦਾ ਹੈ। ਹਰਵਿੰਦਰ ਸਿੰਘ ਸਲੀਣਾ ਨੇ ਪ੍ਰਕਾਸ਼ ਟੋਨੀ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਆਪਣੇ ਬੱਚੇ ਦੀ ਕਾਮਯਾਬੀ ਲਈ ਚੰਗਾ ਮਹੌਲ ਦਿੱਤਾ।




