
ਮੋਹਾਲੀ, 25 ਜਨਵਰੀ : ਪੰਜਾਬ ਦੇ ਯੂਥ ਅਕਾਲੀ ਆਗੂ ਵਿਕ੍ਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ (33) ਦਾ ਚਾਰ ਸਾਲ ਪਹਿਲਾਂ ਮੋਹਾਲੀ ਵਿੱਚ ਦਿਨ-ਦਹਾੜੇ ਬਦਮਾਸ਼ਾਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਤਿੰਨ ਗੈਂਗਸਟਰਾਂ ਨੂੰ ਹੱਤਿਆ ਅਤੇ ਹਥਿਆਰ ਐਕਟ ਦੇ ਅਧੀਨ ਦੋਸ਼ੀ ਐਲਾਨ ਦਿੱਤਾ ਹੈ। ਵਿੱਕੀ ਮਿੱਡੂਖੇੜਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਸੀ ਅਤੇ ਯੂਥ ਅਕਾਲੀ ਦਲ ਆਗੂ ਸੀ।
ਦੋਸ਼ੀਆਂ ਵਿੱਚ ਅਜੈ ਉਰਫ ਸੰਨੀ ਉਰਫ ਲੇਫਟੀ, ਸੱਜਨ ਉਰਫ ਭੋਲੂ ਅਤੇ ਅਨਿਲ ਲਾਠ ਸ਼ਾਮਲ ਹਨ। ਦੋਸ਼ੀਆਂ ਨੂੰ ਸੋਮਵਾਰ (27 ਜਨਵਰੀ) ਨੂੰ ਸਜਾ ਸੁਣਾਈ ਜਾਵੇਗੀ। ਜਦਕਿ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਵਿੱਕੀ ਦਾ ਕਤਲ 4 ਸਾਲ ਪਹਿਲਾਂ 7 ਅਗਸਤ 2021 ਨੂੰ ਉਸ ਵੇਲੇ ਕੀਤਾ ਗਿਆ ਸੀ, ਜਦੋਂ ਉਹ ਸੈਕਟਰ-70 ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ। ਵਿੱਕੀ ਆਪਣੇ ਦੋਸਤ ਦੇ ਦਫਤਰ ਵਿਚੋਂ ਨਿਕਲ ਕੇ ਅਜੇ ਆਪਣੀ ਗੱਡੀ ਵਿਚ ਬੈਠਾ ਹੀ ਸੀ ਕਿ ਉੱਥੇ ਪਹਿਲਾਂ ਤੋਂ ਮੌਜੂਦ ਗੈਂਗਸਟਰਾਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ। ਵਿੱਕੀ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ। ਉਹ ਲਗਭਗ ਇੱਕ ਕਿਲੋਮੀਟਰ ਤੱਕ ਭੱਜਾ। ਪਰ ਹਮਲਾਵਰ ਉਸਦਾ ਪਿੱਛਾ ਕਰਦੇ ਰਹੇ।
ਉਨ੍ਹਾਂ ਨੇ ਕੁੱਲ 20 ਰਾਊਂਡ ਫਾਇਰਿੰਗ ਕੀਤੇ, ਜਿਸ ਵਿੱਚੋਂ 9 ਗੋਲੀਆਂ ਵਿੱਕੀ ਨੂੰ ਲੱਗੀਆਂ। ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੱਤਿਆ ਦੇ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲੇ ਦਾ ਨਾਂ ਸਾਹਮਣੇ ਆਇਆ ਸੀ। ਦੋਵੇਂ ਗੈਂਗ ਇੱਕ-ਦੂਜੇ ਦੇ ਵਿਰੋਧੀ ਹਨ।
ਕਾਫੀ ਸਮੇਂ ਤੱਕ ਵਿੱਕੀ ਦੀ ਹੱਤਿਆ ਰਹੱਸ ਬਣੀ ਰਹੀ। ਇਸ ਤੋਂ ਬਾਅਦ ਮੋਹਾਲੀ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਸਮੇਤ ਕਈ ਥਾਵਾਂ ਤੋਂ ਲਗਭਗ 26 ਗੈਂਗਸਟਰਾਂ ਨੂੰ ਪੁੱਛਗਿੱਛ ਲਈ ਮੋਹਾਲੀ ਲਿਆਈ। ਗੈਂਗਸਟਰਾਂ ਤੋਂ ਆਹਮਣੇ-ਸਾਹਮਣੇ ਪੁੱਛਗਿੱਛ ਕੀਤੀ ਗਈ। ਪਰ ਫਿਰ ਵੀ ਕੋਈ ਸੁਰਾਗ ਨਾ ਲੱਭਾ। ਪੁਲਿਸ ‘ਤੇ ਵੀ ਕਾਫੀ ਦਬਾਅ ਸੀ।
ਇਸੇ ਦੌਰਾਨ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਆਰੋਪੀਆਂ ਨੂੰ ਫੜ ਲਿਆ। ਇਸ ਤੋਂ ਬਾਅਦ ਹੱਤਿਆ ਦੀ ਕਹਾਣੀ ਸਾਹਮਣੇ ਆਈ। ਤਦ ਪਤਾ ਚੱਲਾ ਕਿ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੇ ਵਿੱਕੀ ਦੀ ਹੱਤਿਆ ਦੀ ਸਾਜਿਸ਼ ਰਚੀ ਸੀ।
ਉਨ੍ਹਾਂ ਨੇ ਹੀ ਕਾਰ ਅਤੇ ਸ਼ੂਟਰਾਂ ਦਾ ਇੰਤਜਾਮ ਕੀਤਾ ਸੀ। ਹੱਤਿਆ ਲਈ ਸ਼ੂਟਰ ਆਈ-20 ਕਾਰ ਵਿੱਚ ਆਏ ਸਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ‘ਤੇ ਆਰੋਪ ਸੀ ਕਿ ਉਸ ਨੇ ਖਰੜ ਦੇ ਸੈਕਟਰ-125 ਵਿੱਚ ਆਰੋਪੀਆਂ ਦੇ ਰਹਿਣ ਦਾ ਇੰਤਜਾਮ ਕੀਤਾ ਸੀ।
ਪੁਲਿਸ ਨੇ ਹੱਤਿਆ ਦੇ 11 ਮਹੀਨੇ ਬਾਅਦ ਚਾਰਜ਼ਸ਼ੀਟ ਦਾਖਲ ਕੀਤੀ। ਸੱਜਨ ਉਰਫ ਭੋਲੂ, ਅਨਿਲ ਲਾਠ, ਅਜੈ ਉਰਫ ਸੰਨੀ ਉਰਫ ਲੇਫਟੀ, ਗੈਂਗਸਟਰ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਦੇ ਖਿਲਾਫ ਚਾਰਜ਼ਸ਼ੀਟ ਦਾਖਲ ਕੀਤੀ ਗਈ। ਇਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਕੋਰਟ ਵਿੱਚ ਚੱਲ ਰਿਹਾ ਸੀ।

