
ਚੰਡੀਗੜ੍ਹ, 25 ਜਨਵਰੀ : ਭਾਰਤ ਦੇ ਗ੍ਰਹਿ ਮੰਤਰਾਲੇ ਨੇ ਗਣਤੰਤਰ ਦਿਵਸ ਮੌਕੇ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤੇ ਜਾਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ ਇੰਟੈਲੀਜੈਂਸ ਆਰ ਕੇ ਜੈਸਵਾਲ ਅਤੇ ਏ ਡੀ ਜੀ ਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੀਲਭ ਕਿਸ਼ੋਰ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰਾਂ ਆਈ ਪੀ ਐਸ ਅਧਿਕਾਰੀਆਂ ਲੁਧਿਆਣਾ ਰੇਂਜ ਦੀ ਆਈ ਜੀ ਧਨਪ੍ਰੀਤ ਕੌਰ ਅਤੇ ਪੀ ਪੀ ਐਸ ਅਧਿਕਾਰੀ ਤੇਜਿੰਦਰਜੀਤ ਸਿੰਘ ਸਮੇਤ 15 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸ਼ਾਨਦਾਰ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸਨਮਾਨ ਲਈ ਚੁਣੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਪੰਜਾਬ ਪੁੀਲਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਚੰਗੀਆਂ ਸੇਵਾਵਾਂ ਨਾਲ ਪੰਜਾਬ ਪੁਲੀਸ ਦੇ ਮਨੋਬਲ ਵਿਚ ਹੋਰ ਵਾਧਾ ਹੋਵੇਗਾ।