ਫਿਰੋਜ਼ਪੁਰ, 25 ਦਸੰਬਰ: ਪੰਜਾਬ ਵਿੱਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਸਰਪੰਚ ਅਤੇ ਪੰਚਾਇਤ ਮੈਂਬਰ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਕਾਗਜ ਨਾ ਰੱਦ ਕਰਨ ਬਦਲੇ 23 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਅਤੇ ਇਕ ਹੋਟਲ ਮਾਲਕ ਖਿਲਾਫ ਪਰਚਾ ਦਰਜ ਕਰ ਕੇ ਹੋਟਲ ਮਾਲਕ ਰਾਹੁਲ ਨਾਰੰਗ ਨੂੰ ਗਿ੍ਫਤਾਰ ਕਰ ਲਿਆ ਹੈ।
ਵਿਜੀਲੈਂਸ ਪੁਲੀਸ ਦੇ ਇਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਜ਼ਿਲੇ ਦੇ ਨਹਿਰੀ ਵਿਭਾਗ ਦੇ ਐਸ ਡੀ ਓ ਗੁਲਾਬ ਸਿੰਘ ਜ਼ੋ ਉਸ ਵੇਲੇ ਰਿਟਰਨਿੰਗ ਅਫ਼ਸਰ ਸੀ, ਖੇਤੀਬਾੜੀ ਵਿਭਾਗ ਦੇ ਸਬ ਇੰਸਪੈਕਟਰ ਦਵਿੰਦਰ ਸਿੰਘ ਜ਼ੋ ਉਸ ਵੇਲੇ ਸਹਾਇਕ ਰਿਟਰਨਿੰਗ ਅਫ਼ਸਰ ਸੀ ਅਤੇ ਫਿਰੋਜ਼ਪੁਰ ਦੇ ਹੀ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਤੂਤ ਵਿਚ ਪੰਚਾਇਤੀ ਚੋਣਾਂ ਸਮੇਂ ਹਰਦੀਪ ਸਿੰਘ ਅਤੇ ਉਸ ਦੇ ਭਰਾ ਜਗਦੇਵ ਸਿੰਘ ਨੇ ਸਰਪੰਚੀ ਦੇ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ ਸਨ। ਇਸ ਤੋਂ ਇਲਾਵਾ ਸੁਖਜੀਤ ਕੌਰ, ਰਛਪਾਲ ਸਿੰਘ, ਜਗਮੋਹਨ ਸਿੰਘ ਅਤੇ ਮਨਜੀਤ ਕੌਰ ਨੇ ਪੰਚ ਦੇ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ ਸਨ। ਹਰਦੀਪ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਕਾਗਜ ਦਾਖਲ ਕਰਨ ਤੋਂ ਬਾਅਦ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨੇ ਉਸ ਦੇ ਨਾਮਜ਼ਦਗੀ ਪੱਤਰ ਰੱਦ ਨਾ ਕਰਨ ਬਦਲੇ 15 ਲੱਖ ਦੀ ਮੰਗ ਕੀਤੀ। ਇਸ ਬਾਰੇ ਗੱਲ ਕਰਨ ਲਈ ਰਿਟਰਨਿੰਗ ਅਫ਼ਸਰ ਗੁਲਾਬ ਸਿੰਘ ਦੇ ਘਰ ਪਿੰਡ ਬਜੀਦਪੁਰ ਵਿਖੇ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਾਲ ਉਸ ਦੀ ਮੁਲਾਕਾਤ ਹੋਈ। ਉਨ੍ਹਾਂ ਨੇ ਇਹ ਰਕਮ ਫਿਰੋਜ਼ਪੁਰ ਦੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ। ਜਦੋਂ ਹਰਦੀਪ ਸਿੰਘ ਉਸ ਦਾ ਭਰਾ ਅਤੇ ਪੰਚਾਇਤ ਮੈਂਬਰ ਲਈ ਬਾਕੀ ਉਮੀਦਵਾਰ ਇਕੱਠੇ ਹੋ ਕੇ ਰਾਹੁਲ ਨਾਰੰਗ ਕੋਲ ਗਏ ਤਾਂ ਉਸ ਨੇ 15 ਲੱਖ ਰੁਪਏ ਲੈ ਲਏ ਅਤੇ ਰਿਟਰਨਿੰਗ ਅਫ਼ਸਰ ਨਾਲ ਫੋਨ ਤੇ ਗੱਲ ਕੀਤੀ। ਜਦੋਂ ਰਿਟਰਨਿੰਗ ਅਫ਼ਸਰ ਨੂੰ ਪੰਚਾਇਤ ਮੈਂਬਰਾਂ ਦੇ ਕਾਗਜ਼ਾਂ ਬਾਰੇ ਕਿਹਾ ਤਾਂ ਉਸ ਨੇ 2 ਲੱਖ ਰੁਪਏ ਪ੍ਰਤੀ ਮੈਂਬਰ ਦੇ ਹਿਸਾਬ ਨਾਲ 8 ਲੱਖ ਰੁਪਏ ਹੋਰ ਦੀ ਮੰਗ ਕੀਤੀ। ਉਨ੍ਹਾਂ ਨੇ ਇਹ ਰਕਮ ਵੀ ਦੇ ਦਿੱਤੀ।
ਵਿਜੀਲੈਂਸ ਵਲੋਂ ਕੀਤੀ ਗਈ ਜਾਂਚ ਦੌਰਾਨ ਇਹ ਦੋਸ਼ ਸਹੀ ਪਾਏ ਗਏ ਅਤੇ ਪਰਚਾ ਦਰਜ਼ ਕਰ ਲਿਆ ਗਿਆ। ਇਸ ਮਾਮਲੇ ਵਿਚ ਹੋਟਲ ਮਾਲਕ ਰਾਹੁਲ ਨਾਰੰਗ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। ਬਾਕੀ ਦੋਵਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ।