
ਅੰਮ੍ਰਿਤਸਰ, 17 ਦਸੰਬਰ : ਵਿਜੀਲੈਂਸ ਪੁਲੀਸ ਦੀ ਇਕ ਟੀਮ ਨੇ ਅੱਜ ਪੁਲੀਸ ਦੇ ਹੀ ਇਕ ਸਬ ਇੰਸਪੈਕਟਰ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਇਹ ਸਬ ਇੰਸਪੈਕਟਰ ਦਲਜੀਤ ਸਿੰਘ ਪੁਲੀਸ ਥਾਣਾ ਛਾਉਣੀ ਵਿਖੇ ਤਾਇਨਾਤ ਸੀ। ਹੁਣ ਇਹ ਸਬ ਇੰਸਪੈਕਟਰ ਸੇਵਾ ਮੁਕਤ ਹੋ ਚੁੱਕਾ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਕੋਟਲੀ ਨਸੀਰ ਖਾਂ ਦੇ ਵਾਸੀ ਜੋਗਾ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਸਾਲ 2017 ਵਿਚ ਉਸਦੇ ਪੁੱਤਰ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਸੀ। ਇਸ ਪਰਚੇ ਵਿਚੋਂ ਉਸ ਦੇ ਪੁੱਤਰ ਨੂੰ ਬੇਕਸੂਰ ਸਾਬਤ ਕਰਨ ਬਦਲੇ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ ਸੀ। ਉਸ ਵੇਲੇ ਜੋਗਾ ਸਿੰਘ ਨੇ 10 ਹਜਾਰ ਰੁਪਏ ਰਿਸ਼ਵਤ ਦੇ ਦਿੱਤੀ ਸੀ। ਵਿਜੀਲੈਂਸ ਵਲੋਂ ਕੀਤੀ ਗਈ ਜਾਂਚ ਦੌਰਾਨ ਇਹ ਸਾਬਤ ਹੋ ਗਿਆ ਕਿ ਸਬ ਇੰਸਪੈਕਟਰ ਦਲਜੀਤ ਸਿੰਘ ਨੇ 10 ਹਜਾਰ ਰਿਸ਼ਵਤ ਲਈ ਸੀ। ਇਸ ਲਈ ਉਸ ਖਿਲਾਫ ਪਰਚਾ ਦਰਜ ਕਰਕੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ। ਸਬ ਇੰਸਪੈਕਟਰ ਇਸ ਵੇਲੇ ਐਨ ਡੀ. ਪੀ ਐਸ ਕਾਨੂੰਨ ਅਧੀਨ ਕੇਂਦਰੀ ਜੇਲ ਅੰਮ੍ਰਿਤਸਰ ਵਿਚ ਬੰਦ ਸੀ। ਅੱਜ ਵਿਜੀਲੈਂਸ ਪੁਲੀਸ ਵਲੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ।