ਅੰਮ੍ਰਿਤਸਰ, 17 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਅੰਮ੍ਰਿਤਸਰ ਦੇ ਇਕ ਭਗੌੜੇ ਠੇਕੇਦਾਰ ਵਿਕਾਸ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਕਾਸ ਖੰਨਾ ਨੇ ਇੰਪਰੂਵਮੈਂਟ ਟਰੱਸਟ ਪਾਸੋਂ ਧੋਖੇ ਅਤੇ ਰਿਸ਼ਵਤਖੋਰੀ ਨਾਲ ਘੱਟ ਰੇਟ ‘ਤੇ ਪਲਾਟ ਅਲਾਟ ਕਰਵਾਏ ਸਨ ਅਤੇ ਕਈ ਵਾਰ ਸਰਕਾਰੀ ਟੈਂਡਰ ਵੀ ਧੋਖੇ ਨਾਲ ਪ੍ਰਾਪਤ ਕੀਤੇ ਸਨ।
ਵਿਜੀਲੈਂਸ ਦੇ ਇਕ ਬੁਲਾਰੇ ਨੇ ਇਸ ਸੰਬਧੀ ਦੱਸਿਆ ਕਿ ਇਸ ਠੇਕੇਦਾਰ ਵਲੋਂ ਉਸ ਵੇਲੇ ਦੇ ਚੇਅਰਮੈਨ ਦੀ ਮਿਲੀਭੁਗਤ ਨਾਲ 200 ਵਰਗ ਗਜ਼ ਦਾ ਪਲਾਟ ਮਾਰਕੀਟ ਰੇਟ ਤੋਂ ਘੱਟ ਕੀਮਤ ‘ਤੇ ਆਪਣੇ ਨਾਮ ਅਲਾਟ ਕਰਵਾ ਲਿਆ ਸੀ, ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਇਸ ਠੇਕੇਦਾਰ ਨੇ ਆਪਣੀ ਫਰਮ ਦੇ ਨਾਮ ‘ਤੇ ਨਿਯਮਾਂ ਦੀ ਉਲੰਘਣਾ ਕਰਕੇ ਟੈਂਡਰ ਪ੍ਰਾਪਤ ਕੀਤੇ ਸਨ। ਇਸ ਸਬੰਧੀ ਜਾਂਚ ਕੀਤੀ ਗਈ ਤਾਂ ਸਾਰੇ ਦੋਸ਼ ਸਹੀ ਪਾਏ ਗਏ। ਇਸ ਆਧਾਰ ‘ਤੇ ਵਿਜੀਲੈਂਸ ਨੇ ਸਾਲ 2022 ਵਿਚ ਵਿਜੀਲੈਂਸ ਥਾਣਾ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰ ਲਿਆ ਗਿਆ ਸੀ। ਉਸ ਵੇਲੇ ਤੋਂ ਹੀ ਇਹ ਠੇਕੇਦਾਰ ਭਗੌੜਾ ਚੱਲਿਆ ਆ ਰਿਹਾ ਸੀ। ਹੁਣ ਵਿਜੀਲੈਂਸ ਦੀ ਟੀਮ ਨੇ ਠੇਕੇਦਾਰ ਵਿਕਾਸ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਹੈ।