ਗੁਰਦਾਸਪੁਰ, 11 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭਰਿਸ਼ਟਾਚਾਰ ਖਿਲਾਫ ਵਿੱਢੀ ਗਈ ਮੁਹਿੰਮ ਦੇ ਹਿੱਸੇ ਵਜੋਂ ਅੱਜ ਵਿਜੀਲੈਂਸ ਨੇ ਇਕ ਪਟਵਾਰੀ ਨੂੰ 20 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਦੇ ਪਿੰਡ ਕਿਲਾ ਲਾਲ ਸਿੰਘ ਵਿਖੇ ਇਹ ਪਟਵਾਰੀ ਤਾਇਨਾਤ ਸੀ। ਇਸ ਪਿੰਡ ਦੇ ਵਾਸੀ ਵਰਿੰਦਰ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਉਥੋਂ ਦਾ ਪਟਵਾਰੀ ਸੁਰਜੀਤ ਸਿੰਘ ਉਸ ਪਾਸੋਂ ਰਿਸ਼ਵਤ ਮੰਗ ਰਿਹਾ ਹੈ। ਵਰਿੰਦਰ ਸਿੰਘ ਨੇ ਦੱਸਿਆ ਸੀ ਕਿ ਉਸਦੀ ਜ਼ਮੀਨ ਹਾਈਵੇ ਅਥਾਰਟੀ ਵਲੋਂ ਅਕੁਵਾਇਰ ਕੀਤੀ ਗਈ ਸੀ। ਇਸ ਲਈ ਉਸਦੀ ਜ਼ਮੀਨ ਬਾਰੇ ਪਟਵਾਰੀ ਵਲੋਂ ਰਿਪੋਰਟ ਦਿੱਤੀ ਜਾਣੀ ਸੀ। ਹੁਣ ਪਟਵਾਰੀ ਵਲੋਂ ਰਿਪੋਰਟ ਦੇਣ ਲਈ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ, ਕਿਉਂਕਿ ਵਰਿੰਦਰ ਸਿੰਘ ਦੀ ਜ਼ਮੀਨ ਵਿਚ ਤਿੰਨ ਬੋਰਵੈਲ ਲੱਗੇ ਹੋਏ ਸਨ। ਇਸ ਲਈ ਪਟਵਾਰੀ ਵਲੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਉਹ ਰਿਪੋਰਟ ਵਿਚ ਬੋਰਵੈੱਲ ਦਾ ਜਿਕਰ ਕਰਨਾ ਚਾਹੁੰਦਾ ਹੈ ਤਾਂ ਉਹ 20 ਹਜਾਰ ਰੁਪਏ ਲਵੇਗਾ। ਵਿਜੀਲੈਂਸ ਵਲੋਂ ਜਾਲ ਵਿਛਾ ਕੇ ਵਰਿੰਦਰ ਸਿੰਘ ਨੂੰ ਕਿਹਾ ਕਿ ਉਹ ਪਟਵਾਰੀ ਨੂੰ ਪੈਸੇ ਦੇਵੇ। ਜਦੋਂ ਵਰਿੰਦਰ ਸਿੰਘ ਨੇ 20 ਹਜਾਰ ਰੁਪਏ ਪਟਵਾਰੀ ਨੂੰ ਦਿੱਤੇ ਤਾਂ ਤੁਰੰਤ ਵਿਜੀਲੈਂਸ ਨੇ ਛਾਪਾ ਮਾਰ ਕੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਪਟਵਾਰੀ ਖਿਲਾਫ ਵਿਜੀਲੈਂਸ ਥਾਣਾ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।