
ਐਸ ਬੀ ਐਸ ਨਗਰ, 2 ਦਸੰਬਰ : ਇਸ ਜਿਲੇ ਦੇ ਮਾਲ ਹਲਕਾ ਸਲੋਹ ਦੇ ਪਟਵਾਰੀ ਗੌਰਵ ਗੁਪਤਾ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਪਟਵਾਰੀ ਖਿਲਾਫ ਜਿਲਾ ਲੁਧਿਆਣਾ ਦੇ ਪਿੰਡ ਗੜ੍ਹੀ ਸ਼ੇਰੂ ਦੇ ਵਾਸੀ ਕੇਸਰ ਸਿੰਘ ਵਲੋਂ ਸ਼ਿਕਾਇਤ ਦਿੱਤੀ ਗਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸਦੇ ਪਰਿਵਾਰ ਦੀ ਜ਼ਮੀਨ ਦਾ ਤਬਾਦਲਾ ਕਰਵਾਇਆ ਜਾਣਾ ਹੈ। ਇਸ ਤਬਾਦਲੇ ਲਈ ਪਟਵਾਰੀ ਵਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਪਟਵਾਰੀ ਨੇ ਉਸਦੇ ਪਰਿਵਾਰ ਪਾਸੋਂ 10 ਹਜਾਰ ਰੁਪਏ ਪਹਿਲਾਂ ਲਏ ਜਾ ਚੁੱਕੇ ਹਨ ਅਤੇ 10 ਹਜਾਰ ਰੁਪਏ ਦੀ ਹੋਰ ਮੰਗ ਕਰ ਰਿਹਾ ਹੈ। ਇਸ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਆਪਣਾ ਜਾਲ ਵਿਛਾਇਆ ਅਤੇ ਸ਼ਿਕਾਇਤ ਕਰਤਾ ਨੂੰ ਬਾਕੀ 10 ਹਜਾਰ ਰੁਪਏ ਪਟਵਾਰੀ ਨੂੰ ਦੇਣ ਲਈ ਕਿਹਾ। ਜਦੋਂ ਕੇਸਰ ਸਿੰਘ ਪਟਵਾਰੀ ਨੂੰ 10 ਹਜਾਰ ਰੁਪਏ ਦੇ ਰਿਹਾ ਸੀ ਤਾਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਪਟਵਾਰੀ ਗੌਰਵ ਗੁਪਤਾ ਨੂੰ ਵਿਜੀਲੈਂਸ ਦੀ ਟੀਮ ਨੇ ਮੌਕੇ ‘ਤੇ ਹੀ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਚ ਪਰਚਾ ਦਰਜ ਕਰ ਲਿਆ ਗਿਆ ਹੈ।