
ਅੰਮ੍ਰਿਤਸਰ, 22 ਜਨਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਅਕਤੂਬਰ 2024 ਦੀ ਪੇਸ਼ੀ ਦਾ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬਰਖ਼ਾਸਤ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਵਿਚਕਾਰ ਹੋਈ ਬਹਿਸ ਦਿਖਾਈ ਗਈ ਹੈ।
ਵੀਡੀਓ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ, ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਦੇ ਭਾਜਪਾ ਅਤੇ ਇਸਦੇ ਸਿਆਸੀ ਨੇਤਾਵਾਂ ਨਾਲ ਸਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਫ਼ੋਨ ‘ਤੇ ਗੱਲਬਾਤ ਅਤੇ ਮੁਲਾਕਾਤਾਂ ਕਰਦੇ ਹਨ। ਇਸ ਦੌਰਾਨ ਹੋਰ ਸਿੰਘ ਸਾਹਿਬਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਸਬੰਧ ਨਹੀਂ ਹੈ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਇਰਲ ਕਲਿੱਪ ਦੀ ਜਾਣਕਾਰੀ ਇੱਕ ਪੰਜਾਬੀ ਨਿਊਜ਼ ਚੈਨਲ ਤੋਂ ਮਿਲੀ। ਵਲਟੋਹਾ 15 ਅਕਤੂਬਰ ਤੋਂ ਲਗਾਤਾਰ ਮੰਗ ਕਰ ਰਹੇ ਹਨ ਕਿ ਪੇਸ਼ੀ ਦੇ ਸਾਰੇ ਰਿਕਾਰਡ ਕੀਤੇ ਵੀਡੀਓ ਜਨਤਕ ਕੀਤੇ ਜਾਣ।
ਵਿਵਾਦ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਭਾਜਪਾ ਨਾਲ ਸਬੰਧ ਉਨ੍ਹਾਂ ਦੀ “ਸਮਰੱਥਾ” ਕਾਰਨ ਹਨ। ਵਲਟੋਹਾ ਨੇ ਇਸ ਬਿਆਨ ਨੂੰ ਲੈ ਕੇ ਸਵਾਲ ਉਠਾਇਆ ਹੈ ਕਿ ਕੀ ਇਸ ਤਰ੍ਹਾਂ ਦੇ ਬਿਆਨ ਨਾਲ ਹੋਰ ਸਿੰਘ ਸਾਹਿਬਾਨ ਦਾ ਅਪਮਾਨ ਨਹੀਂ ਹੋਇਆ ਹੈ। ਹਾਲਾਂਕਿ, ਇਸ ਵੀਡੀਓ ਦੇ ਸਰੋਤ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇਸ ਤੋਂ ਪਹਿਲਾਂ ਵੀ 17 ਦਸੰਬਰ ਨੂੰ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ। ਜਿਸ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ‘ਤੇ ਭਾਜਪਾ ਨਾਲ ਸਬੰਧਾਂ ਦੇ ਦੋਸ਼ ਲੱਗੇ ਸਨ। ਉਸ ਤੋਂ ਬਾਅਦ ਉਨ੍ਹਾਂ ਦੇ ਚਰਿੱਤਰ ‘ਤੇ ਦੋਸ਼ ਲੱਗੇ ਸਨ ਅਤੇ ਫਿਰ ਜਦੋਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੜ ਕੁਰਸੀ ਸੰਭਾਲੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਸੀ।