
ਚੰਡੀਗੜ੍ਹ, 7 ਫਰਵਰੀ : ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬ ਦੇ ਲੋਕਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਦੀ ਹੁਣ ਪੁਲਿਸ ਜਾਂਚ ਕਰੇਗੀ। ਇਸ ਲਈ ਡੀਜੀਪੀ ਗੌਰਵ ਯਾਦਵ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ।
ਕਮੇਟੀ ਦੀ ਪ੍ਰਧਾਨਗੀ ਏਡੀਜੀਪੀ ਐੱਨਆਰਆਈ ਪਰਵੀਨ ਸਿਨਹਾ ਕਰਨਗੇ, ਜਦਕਿ ਏਡੀਜੀਪੀ ਇੰਟਰਨਲ ਸਿਕਿਓਰਿਟੀ ਸ਼ਿਵ ਵਰਮਾ, ਆਈਜੀਪੀ/ਪ੍ਰੋਵੀਜ਼ਨਿੰਗ ਭੂਪਿੰਦਰ ਸਿੰਘ ਅਤੇ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਇਹ ਕਮੇਟੀ ਡੂੰਘਾਈ ਨਾਲ ਜਾਂਚ ਕਰੇਗੀ। ਨਾਲ ਹੀ, ਗੈਰ-ਕਾਨੂੰਨੀ ਮਨੁੱਖੀ ਤਸਕਰੀ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੀਜੀਪੀ ਨੇ ਇਸ ਕਮੇਟੀ ਨੂੰ ਅਧਿਕਾਰ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਕਿਸੇ ਵੀ ਹੋਰ ਅਧਿਕਾਰੀ ਨੂੰ ਸ਼ਾਮਲ ਕਰ ਸਕਦੀ ਹੈ। ਇਹ ਕਮੇਟੀ ਐੱਸਐੱਸਪੀ ਅਤੇ ਪੁਲਿਸ ਕਮਿਸ਼ਨਰਾਂ ਨਾਲ ਤਾਲਮੇਲ ਬਣਾ ਕੇ ਰੱਖੇਗੀ। ਨਾਲ ਹੀ, ਸਾਰੇ ਅਧਿਕਾਰੀਆਂ ਨੂੰ ਕਮੇਟੀ ਨੂੰ ਜ਼ਰੂਰੀ ਸਹਾਇਤਾ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।