
ਚੰਡੀਗੜ੍ਹ, 1 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਬਜਟ 2025 ਨੂੰ ਪੰਜਾਬ ਦੇ ਵਿਰੁੱਧ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਅਜਿਹਾ ਕੁਝ ਵੀ ਨਹੀਂ ਦਿੱਤਾ ਗਿਆ, ਜੋ ਭਵਿੱਖ ਨੂੰ ਸੁਧਾਰੇ। ਵਿੱਤ ਮੰਤਰੀ ਚੀਮਾ ਨੇ ਕਿਹਾ – ਜਦੋਂ ਤੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ, ਉਦੋਂ ਤੋਂ ਪੰਜਾਬ ਨਾਲ ਵਿੱਤੀ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਆਸ ਟੁੱਟੀ ਹੈ ਅਤੇ ਇੱਕ ਪੈਸਾ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ ਹੈ।
ਦਿੱਲੀ ਚੋਣਾਂ ਵਿੱਚ ਪ੍ਰਚਾਰ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕਿਹਾ – ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਅਣਡਿੱਠਾ ਕੀਤਾ ਗਿਆ। ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਹੈ। ਕੇਂਦਰ ਦੁਆਰਾ ਨਾ ਤਾਂ ਕਿਸਾਨਾਂ ਨੂੰ ਫ਼ਸਲ ‘ਤੇ MSP ਦਿੱਤੀ ਗਈ, ਨਾ ਹੀ ਰਾਜ ਨੂੰ ਕਿਸੇ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ।
ਪੰਜਾਬ ਨੂੰ ਅਜਿਹਾ ਕੁਝ ਨਹੀਂ ਦਿੱਤਾ ਗਿਆ ਜੋ ਉਸਦੇ ਆਰਥਿਕ ਅਤੇ ਭਵਿੱਖ ਵਿੱਚ ਸੁਧਾਰ ਲਿਆ ਸਕੇ। ਇਹ ਬਜਟ ਕੇਵਲ ਚੋਣਾਂ ਦਾ ਬਜਟ ਹੈ, ਜਿਸ ਵਿੱਚ ਕੇਵਲ ਬਿਹਾਰ ਰਾਜ ਲਈ ਹੀ ਘੋਸ਼ਣਾਵਾਂ ਹਨ। ਇੱਕ ਵਾਰ ਫਿਰ ਬਜਟ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਸੌਤੇਲਾ ਵਿਵਹਾਰ ਕੀਤਾ ਹੈ। ਪਰ ਪੰਜਾਬ ਨੂੰ ਅਸੀਂ ਆਪਣੇ ਬਲਬੂਤੇ ‘ਤੇ ਪੈਰਾਂ ‘ਤੇ ਖੜ੍ਹੇ ਕਰਕੇ ਰੱਖਾਂਗੇ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜੈਸਲਮੇਰ ਵਿੱਚ ਹੋਈ ਪ੍ਰੀ-ਬਜਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਖੇਤੀਬਾੜੀ ਖੇਤਰ ਨਾਲ ਜੁੜੇ ਕਈ ਅਹਿਮ ਮੁੱਦੇ ਉਠਾਏ ਸਨ। ਜਿਨ੍ਹਾਂ ਵਿੱਚ ਐੱਮਐੱਸਪੀ ਦੀ ਗਰੰਟੀ, ਖੇਤੀ ਵਿਵਿਧੀਕਰਨ (ਡਾਈਵਰਸੀਫਿਕੇਸ਼ਨ) ਨੂੰ ਵਧਾਵਾ, ਪਰਾਲੀ ਪ੍ਰਬੰਧਨ ਲਈ ਵਿਸ਼ੇਸ਼ ਸਹਾਇਤਾ, ਖੇਤੀ ਲਈ ਵਿਸ਼ੇਸ਼ ਪੈਕੇਜ ਸ਼ਾਮਲ ਹੈ। ਇਸ ਸਬੰਧੀ ਇੱਕ ਮੈਮੋਰੰਡਮ ਵੀ ਪੰਜਾਬ ਸਰਕਾਰ ਦੀ ਤਰਫੋਂ ਕੇਂਦਰੀ ਵਿੱਤ ਮੰਤਰੀ ਨੂੰ ਦਿੱਤਾ ਗਿਆ ਸੀ, ਪਰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ।