ਤਰਨਤਾਰਨ : ਅਗਲੀਆਂ ਪੰਚਾਇਤ ਚੋਣਾ ਨੂੰ ਲੈ ਕੇ ਪਿੰਡਾਂ ਵਿਚ ਚੱਲ ਰਹੇ ਲੜਾਈ ਝਗੜੇ ਦੌਰਾਨ ਅੱਜ ਆਮ ਆਦਮੀ ਪਾਰਟੀ ਨਾਲ ਸਬੰਧਿਤ ਸਰਵਸੰਮਤੀ ਨਾਲ ਚੁਣੇ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਜੇ ਕੱਲ੍ਹ ਹੀ ਜਿਲਾ ਫਿਰੋਜ਼ਪੁਰ ਵਿਚ ਇਕ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਨੂੰ ਗੋਲੀਆਂ ਨਾਲ ਫੱਟੜ ਕਰ ਦਿੱਤਾ ਸੀ।
ਤਰਨਤਾਰਨ ਜਿਲੇ ਦੇ ਪਿੰਡ ਤਲਵੰਡੀ ਮੋਹਰ ਸਿੰਘ ਦੀ ਪੰਚਾਇਤੀ ਚੋਣ ਦੌਰਾਨ ਅੱਜ ਰਾਜਵਿੰਦਰ ਸਿੰਘ ਨੂੰ ਸਰਵ ਸੰਮਤੀ ਨਾਲ ਸਰਪੰਚ ਐਲਾਨ ਦਿੱਤਾ ਗਿਆ ਸੀ। ਸਰਪੰਚ ਬਨਣ ਪਿਛੋਂ ਰਾਜਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਬਲਾਕ ਪੱਟੀ ਦੇ ਦਫਤਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਠੱਕਰਪੁਰਾ ਕੋਲ ਪਹੁੰਚੇ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਰਾਜਵਿੰਦਰ ਉੱਪਰ ਗੋਲੀਆਂ ਦੀ ਬੌਛਾੜ ਕਰ ਦਿੱਤੀ। ਇਸ ਦੌਰਾਨ ਰਾਜਵਿੰਦਰ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੇ ਦੋ ਹੋਰ ਸਾਥੀ ਗੰਭੀਰ ਰੂਪ ਵਿਚ ਜਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਰਾਜਵਿੰਦਰ ਸਿੰਘ ਦੀ ਕਾਰ ਪਿੰਡ ਠੱਕਰਪੁਰ ਦੀ ਚਰਚ ਕੋਲ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹੱਥ ਦੇ ਕੇ ਉਸਦੀ ਕਾਰ ਰੋਕ ਲਈ। ਜਦੋਂ ਰਾਜਵਿੰਦਰ ਸਿੰਘ ਨੇ ਆਪਣੀ ਕਾਰ ਰੋਕੀ ਤਾਂ ਪਹਿਲਾਂ ਤਾਂ ਮੋਟਰਸਾਈਕਲ ਵਾਲੇ ਨੌਜਵਾਨਾਂ ਨੇ ਰਾਜਵਿੰਦਰ ਨੂੰ ਸਰਪੰਚੀ ਦੀ ਵਧਾਈ ਦਿੱਤੀ ਅਤੇ ਬਾਅਦ ਵਿਚ ਗੋਲੀ ਚਲਾ ਦਿੱਤੀ। ਰਾਜਵਿੰਦਰ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੇ ਸਾਥੀਆਂ ਨੂੰ ਗੰਭੀਰ ਹਾਲਤ ਵਿਚ ਦਾਖਲ ਕਰਵਾਇਆ ਗਿਆ। ਇਸ ਘਟਨਾਂ ਤੋਂ ਬਾਅਦ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਫਰਾਰ ਹੋ ਗਏ। ਪੁਲੀਸ ਵਲੋਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਤਲਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਘਟਨਾਂ ‘ਤੇ ਦੁੱਖ ਸਾਂਝਾ ਕਰਦਿਆਂ ਪੁਲੀਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਲਦੀ ਕਾਤਲਾਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਵੇ।