
ਨਸ਼ਾ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 10 ਵਿਅਕਤੀ ਗ੍ਰਿਫਤਾਰ
ਚੰਡੀਗੜ੍ਹ, 21 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ (ਏ.ਐਨ.ਟੀ.ਐਫ.) ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ ਇੱਕ ਵੱਡੇ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਚੰਦਨ ਸ਼ਰਮਾ, ਆਕਾਸ਼ ਸ਼ਰਮਾ, ਵਿਸ਼ਾਲ ਸਿੰਘ, ਅਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਰਿੰਕੂ ਥਾਪਰ, ਭਰਤ, ਦਿਵਯਮ, ਪ੍ਰਥਮ ਅਤੇ ਅੰਕੁਸ਼ ਭੱਟੀ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 1 ਕਿਲੋ ਹੈਰੋਇਨ, 381 ਗ੍ਰਾਮ ਚਰਸ, ਤਿੰਨ ਪਿਸਤੌਲ ਜਿਨ੍ਹਾਂ ਚੋ ਇੱਕ ਆਧੁਨਿਕ ਗਲੋਕ ਪਿਸਤੌਲ ਸਮੇਤ 62 ਜਿੰਦਾ ਕਾਰਤੂਸ ਅਤੇ ਦੋ ਖਾਲੀ ਖੋਲ, 48.7 ਲੱਖ ਰੁਪਏ ਦੀ ਡਰੱਗ ਮਨੀ, 262 ਗ੍ਰਾਮ ਸੋਨਾ ਅਤੇ ਇਲੈਕਟਰਾਨਿਕ ਉਪਕਰਣ ਵੀ ਬਰਾਮਦ ਕੀਤੇ ਹਨ।
...