
ਅੰਮ੍ਰਿਤਸਰ, 14 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰਸਿੱਧ ਸਵਰਗੀ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿਚ ‘ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ ਆਈ’ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੁਰਜੀਤ ਪਾਤਰ ਯਾਦਗਾਰੀ ਐਵਾਰਡ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਸੁਰਜੀਤ ਪਾਤਰ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਆਪਣੀ ਚੰਗੀ ਸੋਚ ਨੂੰ ਕਿਤਾਬੀ ਰੂਪ ਦੇ ਕੇ ਪੂਰੀ ਦੁਨੀਆਂ ਨੂੰ ਚੰਗੀ ਸੇਧ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਆਪਣੀ ਜਵਾਨੀ ਦੇ ਦਿਨਾਂ ਵਿਚ ਸੁਰਜੀਤ ਪਾਤਰ ਨਾਲ ਨੇੜਤਾ ਦੀਆਂ ਯਾਦਾਂ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰਾ ਬਹੁਤ ਮਾਰਗ ਦਰਸ਼ਨ ਕੀਤਾ ਅਤੇ ਚੰਗੀ ਸੇਧ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੁਰਜੀਤ ਪਾਤਰ ਦੀ ਸ਼ਾਇਰੀ ਦੁਨੀਆਂ ਭਰ ਵਿਚ ਹਮੇਸ਼ਾਂ ਜਿੰਦਾ ਰਹੇਗੀ। ਮੁੱਖ ਮੰਤਰੀ ਨੇ ਸੁਰਜੀਤ ਪਾਤਰ ਦੇ ਕਈ ਸ਼ੇਅਰ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ ਆਈ ਸਥਾਪਿਤ ਕੀਤਾ ਜਾਵੇਗਾ। ਇਸ ਸੈਂਟਰ ਵਿਚ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਸੁਰਜੀਤ ਪਾਤਰ ਦੀ ਸੋਚ ਦਾ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ ਅਤੇ ਸੁਰਜੀਤ ਪਾਤਰ ਦੀ ਸੋਚ ਨੂੰ ਹੋਰ ਪ੍ਰਫੁੱਲਿਤ ਕਰਨ ਵਿਚ ਮੱਦਦ ਮਿਲੇਗੀ। ਇਸੇ ਤਰਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੁਰਜੀਤ ਪਾਤਰ ਯਾਦਗਾਰੀ ਐਵਾਰਡ ਵੀ ਸ਼ੁਰੂ ਕੀਤਾ ਜਾਵੇਗਾ। ਇਸ ਐਵਾਰਡ ਨਾਲ ਨਵੇਂ ਸ਼ਾਇਰਾਂ ਨੂੰ ਉਤਸ਼ਾਹ ਮਿਲੇਗਾ। ਜਿਨ੍ਹਾਂ ਨਵੇਂ ਸ਼ਾਇਰਾਂ ਨੂੰ ਸੁਰਜੀਤ ਪਾਤਰ ਯਾਦਗਾਰੀ ਐਵਾਰਡ ਮਿਲੇਗਾ, ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇਗਾ।