
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਮਾਘੀ ਮੇਲੇ ਮੌਕੇ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਇਕੱਠ ਕੀਤਾ ਗਿਆ। ਇਸ ਕਾਨਫਰੰਸ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ, ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਵੱਖ ਵੱਖ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆ ਸਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ। ਉਨ੍ਹਾਂ ਨੇ ਕਿਹਾ ਕਿ 104 ਸਾਲ ਪੁਰਾਣੀ ਪਾਰਟੀ ਹੈ। ਇਸ ਵਿਚ 70 ਸਾਲ ਬਾਦਲ ਸਾਹਿਬ ਨੇ ਪਾਰਟੀ ਦੀ ਸੇਵਾ ਕੀਤੀ। ਏਜੰਸੀਆਂ ਦੇ ਲੋਕ ਬਾਦਲ ਸਾਹਿਬ ਖਿਲਾਫ ਪ੍ਰਚਾਰ ਕਰ ਰਹੇ ਹਨ। ਬਾਦਲ ਸਾਹਿਬ ਦਾ ਗੁਨਾਹ ਇਹੀ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ 18 ਸਾਲ ਜੇਲ੍ਹਾਂ ਵਿਚ ਕੱਟੇ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਇਸ ਲਈ ਬਾਦਲ ਸਾਹਿਬ ਨੇ ਮੁਆਫੀ ਮੰਗੀ ਕਿ ਸਾਡੇ ਰਾਜ ਵਿਚ ਬੇਅਦਬੀ ਹੋਈ। ਹੁਣ ਰੋਜ਼ ਕਿਤੇ ਨਾ ਕਿਤੇ ਬੇਅਦਬੀ ਹੁੰਦੀ ਹੈ। ਅੰਮ੍ਰਿਤਸਰ ਦੀਆਂ ਤਿੰਨ ਸੀਟਾਂ ‘ਤੇ ਕਾਂਗਰਸ ਜਿੱਤੀ ਹੈ, ਜਿਸ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਵਾਇਆ ਸੀ। ਸੁਖਬੀਰ ਬਾਦਲ ਨੇ ਅੱਜ ਫਿਰ ਕਿਹਾ ਕਿ ਮੇਰੇ ਪਿਤਾ ਜੀ ਤੋਂ ਕੋਈ ਗਲਤੀ ਹੋਈ ਹੈ ਜਾਂ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੁਆਫੀ ਚਾਹੁੰਦਾ ਹਾਂ।