
ਦਿੜ੍ਹਬਾ, 25 ਜਨਵਰੀ : ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜਬਾ ਵਿੱਚ ਬਹੁ-ਉਦੇਸ਼ੀ ਇਨਡੋਰ ਖੇਡ ਸਟੇਡੀਅਮ ਦੇ ਨਿਰਮਾਣ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਸਟੇਡੀਅਮ ‘ਤੇ 7.20 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਸਟੇਡੀਅਮ ਸ਼ਹੀਦ ਬਚਨ ਸਿੰਘ ਦੀ ਯਾਦ ਵਿਚ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪਦਮਸ਼੍ਰੀ ਕੌਰ ਸਿੰਘ ਦੀ ਪਤਨੀ ਰਣਜੀਤ ਕੌਰ ਅਤੇ ਸ਼੍ਰੀਮਤੀ ਪਰਮਜੀਤ ਕੌਰ ਵੀ ਹਾਜਰ ਸਨ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਸਟੇਡੀਅਮ ਵਿਚ 11 ਤਰਾਂ ਦੀਆਂ ਵੱਖ ਵੱਖ ਖੇਡਾਂ ਲਈ ਖਿਡਾਰੀ ਆਪਣੀ ਪ੍ਰੈਕਟਿਸ ਕਰ ਸਕਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਨੂੰ ਖਿਡਾਰੀਆਂ ਲਈ ਵਰਦਾਨ ਦੱਸਿਆ ਅਤੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਦਿੜਬਾ ਦੀ ਤਰੱਕੀ ਦੀ ਸ਼ਲਾਘਾ ਕੀਤੀ।