
ਚੰਡੀਗੜ੍ਹ, 25 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸੰਗਠਿਤ ਅਪਰਾਧਾਂ ਖਿਲਾਫ਼ ਚਲਾਈ ਗਈ ਮੁਹਿੰਮ ਦੌਰਾਨ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਸ.ਏ.ਐਸ. ਨਗਰ ਪੁਲਿਸ ਦੇ ਨਾਲ ਮਿਲਕੇ, ਡੇਰਾ ਬੱਸੀ ਦੇ ਆਇਲੇਟਸ/ਇਮੀਗ੍ਰੇਸ਼ਨ ਸੈਂਟਰ ਵਿੱਚ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਲੌਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਇੱਕ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਮਹਫੂਜ਼ ਉਰਫ਼ ਵਿਸ਼ਾਲ ਖਾਨ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਇੱਕ .32 ਬੋਰ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ।
ਡੀਜੀਪੀ ਨੇ ਦੱਸਿਆ ਕਿ ਇਹ ਗੈਂਗਸਟਰ, ਲਾਰੈਂਸ ਬਿਸ਼ਨੋਈ ਅਤੇ ਮਨਜੀਤ ਉਰਫ਼ ਗੁਰੀ (ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ) ਘਟਨਾ ਦੇ ਮਾਸਟਰਮਾਇੰਡ ਸਨ। 19 ਸਤੰਬਰ, 2024 ਨੂੰ ਦਿਨ-ਦਿਹਾੜੇ ਦੋ ਮੋਟਰਸਾਇਕਲ ਸਵਾਰਾਂ ਨੇ ਫਿਰੌਤੀ ਮੰਗਣ ਲਈ ਗੋਲੀਆਂ ਚਲਾਈਆਂ ਸਨ।
ਇਸ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਮਹਫੂਜ਼ ਉਰਫ਼ ਵਿਸ਼ਾਲ ਖਾਨ ਪਹਿਲਾਂ ਫਰਾਰ ਸੀ। ਐਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਖੁਫਿਆ ਜਾਣਕਾਰੀ ਦੇ ਆਧਾਰ ‘ਤੇ ਗੈਂਗਸਟਰ ਨੂੰ ਬਰਵਾਲਾ ਦੇ ਨੇੜੇ ਪੰਜਾਬ-ਹਰਿਆਣਾ ਸੀਮਾ ਤੋਂ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਕੀਤੇ ਗਏ ਵਿਸ਼ਾਲ ਖਾਨ ਦਾ ਪੁਰਾਣਾ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ 2023 ਤੋਂ ਵਿਦੇਸ਼ ਬੈਠੇ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ।